ਲਾਲ ਜੰਮਿਆਂ ਨੀ ਸੋਹਣਾ ਲਾਲ ਜੰਮਿਆਂ
ਗੁਜਰੀ ਦੀ ਕੁੱਖ 'ਚੋਂ ਗੋਪਾਲ ਜੰਮਿਆਂ
ਪੈਦਾ ਹੋਇਆ ਜਗ ਉਤੇ ਰੱਬ ਦਾ ਕੋਈ ਨੂਰ ਨੀ
ਜਾਪਦਾ ਏ ਮੈਨੂੰ ਉਹ ਤਾਂ ਜ਼ਾਹਿਰਾ ਜ਼ਹੂਰ ਨੀ
ਰੂਪ ਝੱਲਿਆ ਨ ਜਾਵੇ
ਤੇਜ ਅੱਖ ਚੁੰਧਿਆਵੇ
ਐਸਾ ਰੱਬ ਦਾ ਦੁਲਾਰਾ ਬਾ-ਕਮਾਲ ਜੰਮਿਆਂ
ਲਾਲ ਜੰਮਿਆ ਨੀ ਸੋਹਣਾ ਲਾਲ ਜੰਮਿਆਂ
ਰੋਂਦਾ ਆਇਆ ਜਗ ਨੀ ਇਹ ਧੁਰੋਂ ਆਇਆ ਹੱਸਦਾ
ਇਹ ਤਾਂ ਸਾਡੇ ਰੋਮ ਰੋਮ ਵਿਚ ਜਾਵੇ ਵੱਸਦਾ
ਜਦੋਂ ਆਇਆ ਬਲਕਾਰੀ
ਰੋਇਆ ਇਕ ਵੀ ਨ ਵਾਰੀ
ਉਹ ਤਾਂ ਬੁੱਲ੍ਹੀਆਂ ਤੇ ਪਾਉਂਦਾ ਨੀ ਧਮਾਲ ਜੰਮਿਆਂ
ਲਾਲ ਜੰਮਿਆਂ ਨੀ ਸੋਹਣਾ ਲਾਲ ਜੰਮਿਆਂ
ਫਿੱਕਾ ਫਿੱਕਾ ਪਈ ਜਾਂਦਾ ਚੰਨ ਦਾ ਹੈ ਚਾਨਣਾ
ਸਮਿਆਂ ਦੇ ਬਾਦਸ਼ਾਹ ਨੂੰ ਸਮੇਂ ਹੀ ਪਛਾਨਣਾ
ਮੰਦ ਮੰਦ ਮੁਸਕਾਵੇ
ਇਕ ਉਂਗਲੀ ਉਠਾਵੇ
ਇਹ ਤਾਂ ਸਾਰਿਆਂ ਦਾ ਸਾਂਝਾ ਸਾਂਝੀਵਾਲ ਜੰਮਿਆਂ
ਲਾਲ ਜੰਮਿਆ ਨੀ ਸੋਹਣਾ ਲਾਲ ਜੰਮਿਆਂ
ਜਾਪਦਾ ਏ ਏਦਾਂ ਇਹਦੇ ਕਦਮਾਂ ਨਹੀਂ ਰੁੱਕਣਾ
ਮੁੱਕਣਾ ਅਮੁੱਕ ਏਹਦੇ ਹੌਂਸਲੇ ਨਹੀਂ ਮੁੱਕਣਾ
ਸੁੱਤੀ ਕੌਮ ਨੂੰ ਜਗਾਉਣਾ
ਏਸੇ ਦੇਸ਼ ਨੂੰ ਬਚਾਉਣਾ
ਇਹ ਤਾਂ ਯੋਧਿਆਂ 'ਚੋਂ ਯੋਧਾ ਬੇਮਿਸਾਲ ਜੰਮਿਆਂ
ਲਾਲ ਜੰਮਿਆਂ ਨੀ ਸੋਹਣਾ ਲਾਲ ਜੰਮਿਆਂ
ਗੁਜਰੀ ਦੀ ਕੁੱਖ 'ਚੋਂ ਗੋਪਾਲ ਜੰਮਿਆਂ