ਉਹ -
ਪਰਬੱਤ-ਟੀਸੀ 'ਤੇ ਖੜਾ ਸੀ
ਬਾਹਾਂ ਉੱਪਰ ਵੱਲ ਚੁੱਕੀ
ਸ਼ਾਂਤ, ਅਡੋਲ
ਅੰਬਰ ਵੱਲ ਤੱਕਦਾ !
ਉੱਜਲੇ ਪਹਿਰਨਾਂ ਵਿਚ
ਸੀ ਉਹ ਉਕਾਬ ਵਾਂਗੂ ਸੱਜਦਾ !
ਉਹਦੇ ਸਾਂਹਵੇ
ਇਕ ਸਿਰ ਝੁੱਕਿਆ
ਫਿਰ ਦੋ
ਤਿੰਨ, ਚਾਰ...
ਸਿਰ ਝੁੱਕਦੇ ਗਏ
ਸਿਰਾਂ ਦਾ ਇਕ ਹਜੂਮ ਜਿਹਾ
ਇਕ ਹੜ੍ਹ ਜਿਹਾ ਆ ਗਿਆ
ਉਹਦੇ ਸਾਂਹਵੇਂ-
ਉਹ ਜੋ ਪਰਬਤ ਟੀਸੀ 'ਤੇ
ਸ਼ਾਂਤ, ਅਡੋਲ ਖੜਾ ਸੀ
ਉੱਪਰ ਵੱਲ ਤੱਕਦਾ !
ਝੁਕੇ ਹੋਏ ਸਿਰਾਂ ਦੇ ਕਾਫ਼ਲੇ ਨੂੰ
ਮੁਖਾਤਿਬ ਹੋ ਉਹ ਬੋਲਿਆ-
ਅੱਗੇ ਵਧੋ…
ਮੇਰੇ ਬਰਾਬਰ ਆਉ
ਪੈਰਾਂ ਨੂੰ ਧਰਤੀ 'ਤੇ ਟਿਕਾਉ
ਇੰਞ ਮਹਿਸੂਸ ਕਰੋ ਕਿ
ਤੁਹਾਡਾ ਸਿਰ ਆਸਮਾਨ ਨੂੰ ਛੂਹ ਰਿਹੈ
ਤੇ ਬਾਹਾਂ ਨੂੰ ਇੰਞ ਫੈਲਾਉ
ਕਿ ਚਾਰੇ ਦਿਸ਼ਾਵਾਂ ਨਾਲ
ਤੁਹਾਡਾ ਕਲਾਵਾ ਭਰ ਗਿਐ !
ਆਪਣੀਆਂ ਨਜ਼ਰਾਂ ਨੂੰ
ਆਸਮਾਨ ਦੇ ਤਾਰਿਆਂ ਵਿਚ ਜੜ ਦੇਵੋ
ਆਪਣੇ ਹਿਰਦੇ ਵਿਚ
ਲੋਕਾਂ ਲਈ ਕਰੁਣਾ ਭਰ ਦੇਵੋ !
ਵਾਤਾਵਰਣ ਵਿਚ
ਆਪਣੇ ਸਾਹਾਂ ਦੀ
ਰਾਗਨੀ ਨੂੰ ਮਹਿਸੂਸ ਕਰੋ !
ਹੌਲੀ ਹੌਲੀ
ਆਪਣੇ ਤੀਜੇ ਨੇਤਰ ਨੂੰ ਖੁੱਲਣ ਦਿਉ
ਆਪਣੇ ਅੰਦਰਲੇ ਇਨਸਾਨ ਨੂੰ ਜਾਗਣ ਦਿਉ
ਤੇ ਫੇਰ
ਤੁਸੀਂ ਸਤਰੰਗੀ ਪੀਂਘ 'ਤੇ ਚੜ੍ਹ
ਦਰਸ਼ਕ ਵਾਂਗ ਆਪਣੀ ਜਿੰਦਗੀ ਨੂੰ ਤੱਕੋ !
ਆਉ ਅੱਗੇ ਤਾਂ ਵਧੋ...
ਤੁਸੀਂ ਸਾਰੇ ਪੈਗੰਬਰ ਹੋ...
ਜ਼ਰਾ ਅੱਗੇ ਤਾਂ ਵਧੋ... !