ਪੈਲਾਂ ਪਾਉਂਦੇ ਮੋਰ ਸੁਆਮੀ !
ਇਹ ਮੌਸਮ ਚਿੱਤ-ਚੋਰ ਸੁਆਮੀ !
ਚੰਦਰਮਾ ਹੈ, ਧਰਤੀ ਵਰਗਾ,
ਸੂਰਜ ਦੀ ਗੱਲ ਹੋਰ ਸੁਆਮੀ !
ਸਭ ਦੇ ਮੂੰਹ 'ਤੇ ਖ਼ਾਮੋਸ਼ੀ ਹੈ,
ਤਨ ਅੰਦਰ ਹੈ ਸ਼ੋਰ ਸੁਆਮੀ !
ਕੋਮਲ ਰੂਹ ਦੇ ਰਿਸ਼ਤੇ ਦੀ ਤੂੰ,
ਤੋੜ ਲਵੀਂ ਨਾ ਡੋਰ ਸੁਆਮੀ !
ਅਪਣਾ ਸਾਇਆ ਡੱਸ ਜਾਵੇਗਾ,
ਜੇ ਬਣਿਆਂ ਕਮਜ਼ੋਰ ਸੁਆਮੀ !
ਤੇਰੀ ਦੁਨੀਆ ਪਾਕ-ਪਵਿੱਤਰ,
ਇਹ ਦੁਨੀਆ ਏ ਹੋਰ ਸੁਆਮੀ !
ਸੂਰਜ ਨੂੰ, ਚੁੰਧਿਆ ਸਕਦੀ ਏ,
ਦਰਪਣ ਦੀ ਲਿਸ਼ਕੋਰ ਸੁਆਮੀ !
'ਇਕਵਿੰਦਰ' ਜੇ ਬਦਲੀ ਕਿਸਮਤ,
ਫਿਰ ਨਾ ਬਦਲੀ ਤੋਰ ਸੁਆਮੀ !