ਸਿਲ੍ਹੀਆਂ ਸਿਲ੍ਹੀਆਂ ਧਰਤੀਆਂ, ਪਿੰਡੋਂ ਬਾਹਰਵਾਰ।

ਹਾਲੀਆਂ ਨੇ ਹਲ ਜੋੜ ਲਏ, ਲੀਕਣ ਲਗੇ ਸਿਆੜ।

ਦਾਣਾ ਦਾਣਾ ਕੇਰਿਆ, ਲੈ ਕੇ ਰੱਬ ਦਾ ਨਾਂ।

ਫੁੱਟਣ ਤੂਈਆਂ ਮੋਤੀਆ, ਨਜ਼ਰੀਂ ਪੈਣ ਮਸਾਂ।

ਤੂਈਆਂ ਵਧ ਕੇ ਹੋ ਗਈਆਂ ਉਂਗਲ ਦੋ ਦੋ ਚਾਰ।

ਹਰੀਆਂ ਝਲਕਾਂ ਪੈਂਦੀਆਂ ਫਿਰ ਗਈ ਜਿਵੇਂ ਬਹਾਰ।

ਕਣੀਆਂ ਵਰ੍ਹੀਆਂ ਅੰਬਰੋਂ, ਸੂਰਜ ਡੋਲ੍ਹੀ ਧੁੱਪ।

ਸੰਝਾਂ ਵਾਰਨ ਲਾਲੀਆਂ, ਰਾਤਾਂ ਨ੍ਹੇਰੇ ਘੁੱਪ।

ਚੰਨੇ ਦਿੱਤੀ ਚਾਨਣੀ ਤਾਰਿਆਂ ਦਿੱਤੀ ਲੋਅ।

ਮੋਤੀ ਦਿੱਤੇ ਤ੍ਰੇਲ ਨੇ, ਲੂੰ ਲੂੰ ਵਿਚ ਪਰੋ।

ਪਹੁ-ਫੁਟਾਲੇ ਦੁਧੀਆ ਧੋਵਣ ਆਕੇ ਮੁੱਖ।

ਸੋਨ-ਸਵੇਰਾਂ ਸੁੱਚੀਆਂ ਪੁੱਛਣ ਕੇ ਦੁੱਖ।

ਸੀਤ ਫਰਾਟੇ ਪੌਣ ਦੇ ਝੱਲਾਂ ਦੇਂਦੇ ਆਣ।

ਗੋਡੇ ਗੋਡੇ ਪੈਲੀਆਂ ਝੂਮ ਹਿਲੋਰੇ ਖਾਣ।

ਗੋਡੇ ਗੋਡੇ ਪੈਲੀਆਂ, ਹੋਰ ਨਿਸਾਰੇ ਲੈਣ।

ਲੱਕਾਂ ਨੂੰ ਜਦ ਛੁੰਹਦੀਆਂ ਬੂਰ ਤਦੋਂ ਪੈਣ।

ਪੱਕਣ ਦੀ ਰੁਤ ਗਈ, ਲੈਂਦੀ ਨਿੱਘੇ ਸਾਹ।

ਰੰਗ ਵਟਾਇਆ ਪੈਲੀਆਂ, ਪੀਲੀ ਪੀਲੀ ਭਾਹ।

ਤੁਰੀਆਂ ਦੇ ਵਿਚ ਭਰ ਗਏ ਦਾਣੇ ਮੋਤੀਆਂ ਵਾਂਗ।

ਦਿਲਾਂ ਦਿਲਾਂ 'ਚੋਂ ਲੰਘ ਗਈ ਖੁਸ਼ੀਆਂ ਦੀ ਇੱਕ ਕਾਂਗ।

ਖੜਕਣ ਸਿੱਟੇ ਝੂਲਦੇ ਪੌਣ-ਹਿਲੋਰਾਂ ਨਾਲ।

ਟਸਰੀ ਟਸਰੀ ਪੈਲੀਆਂ ਪਕ ਪਕ ਹੋਈਆਂ ਲਾਲ।

ਭਰੀਆਂ ਭਰੀਆਂ ਪੈਲੀਆਂ ਲੱਕੋਂ ਮੁਚ ਮੁਚ ਪੈਣ।

ਸਾਗਰ ਠਾਠਾਂ ਮਾਰਦੇ ਹੋ ਹੋ ਕੇ ਬੇ-ਚੈਨ।

ਸੁਣ ਕੁੱਕੜ ਦੀ ਬਾਂਗ ਨੂੰ ਜਾਗ ਪਏ ਕਿਰਸਾਨ।

ਹੱਥੀ ਦੰਦਲ-ਦਾਤੀਆਂ, ਖੇਤਾਂ ਦੇ ਵਲ ਜਾਣ।

ਚਿੜੀ ਚੂਕਦੀ ਟਾਹਣੀਏਂ, ਨੈਣਾਂ ਵਿਚ ਖ਼ਮਾਰ।

ਸਾਂ ਸਾਂ ਕਰਦੀ ਸਿਰਾਂ ਤੋਂ ਉਡ ਜਾਂਦੀ ਕੋਈ ਡਾਰ।

ਰਾਹਾਂ ਦੇ ਵਿਚ ਫੁੱਟਿਆ ਸੁੱਚਾ ਸੁੱਚਾ ਨੂਰ।

ਪੈਰਾਂ ਦੇ ਵਿਚ ਉਡਦੀ ਨਿੱਕੀ ਨਿੱਕੀ ਧੂੜ।

ਖੇਤੀਂ ਪਈਆਂ ਦਾਤੀਆਂ ਪਹੁ-ਫੁੱਟਣ ਦੇ ਨਾਲ।

ਵੱਢਾਂ ਦੇ ਵਿਚ ਵਿਛ ਗਈ ਸੱਥਰੀਆਂ ਦੀ ਪਾਲ।

ਸੋਨ-ਸੁਨਹਿਰੀ ਕਰਚਿਆਂ ਦੇ ਵੱਢਾਂ ਵਿਚਕਾਰ।

ਫਲ੍ਹਿਆਂ ਥੱਲੇ ਟੁੱਟਦੇ ਨਵੀਂ ਫਸਲ ਦੇ ਭਾਰ।

ਉੱਲਰ ਪਈਆਂ ਤ੍ਰਾਂਗਲਾਂ, ਨ੍ਹਿਮੀ ਪੂਰੇ ਦੀ ਵਾ।

ਪੱਛਮ ਦੇ ਵਲ ਰੁਮਕਿਆ ਖਲਵਾੜੇ ਦਾ ਸਾਹ।

ਪੰਗ ਸੁਨਹਿਰੀ ਉੱਡਦੇ ਝੱਲੇ ਹੋ ਹੋ ਜਾਣ।

ਚਮਕਣ ਤੂੜੀ-ਤੀਲੀਆਂ, ਕਿਰਨਾਂ ਦਾ ਪਰਮਾਣ।

ਛੱਜਾਂ ਉੱਤੋਂ ਝਾਰ ਕੇ ਧੜਾਂ ਉਡਾਈਆਂ ਜਾਣ।

ਮੀਂਹ ਸੋਨੇ ਦਾ ਵੱਸਦਾ, ਜੀਵੇ ਕੁੱਲ ਜਹਾਨ।

ਲੱਗੇ ਬੋਹਲ ਅੰਨ ਦੇ, ਪਿੜ ਨੂੰ ਲੱਗੇ ਭਾਗ।

ਦਿਨ ਖਲਵਾੜੇ ਚੜ੍ਹ ਗਿਆ, ਆਸਾਂ ਪਈਆਂ ਜਾਗ।

ਬੋਹਲ ਦੇ ਵਿਚ ਤੱਕੜੀ, ਹੋ ਗਏ ਪੂਰੇ ਤੋਲ।

ਦਿਲ ਕਿਰਤਾਂ ਦਾ ਫੱਟਿਆ, ਬੋਲ ਨੀ ਧਰਤੀ ਬੋਲ!

ਬੋਲ ਨੀ ਧਰਤੀ: ਪੈਲੀਆਂ ਪਏ ਉਗਾਉਂਦੇ ਹੋਰ।

ਬਣੀ ਬਣਾਈ ਸਾਂਭ ਕੇ ਵੰਡੀਆਂ ਪਾਉਂਦੇ ਹੋਰ!

ਬੋਲ ਨੀ ਧਰਤੀ ਸੱਚੀਏ: ਲੁਕੇ ਘਰਾਂ ਵਿਚ ਚੋਰ!

ਘਰ ਦੇ ਮਾਲਕ ਜਾਗ ਪਏ- ਜਾਗ ਪਏ ਅਜ ਖੋਰ!

ਬੋਲ ਨੀ ਅਣਖਾਂ ਵਾਲੀਏ: ਹੁਣ ਨਹੀਂ ਚੱਲਣੇ ਜ਼ੋਰ!

ਹੁਣ ਨਹੀਂ ਚੱਲਣੇ ਜ਼ੋਰ ਵੇ- ਦੇਖ ਸਮੇਂ ਦੀ ਤੋਰ!

📝 ਸੋਧ ਲਈ ਭੇਜੋ