ਪੈਣ ਭੁਲੇਖੇ ਸਰਘੀ ਦੇ ਪਰ

ਪੈਣ ਭੁਲੇਖੇ ਸਰਘੀ ਦੇ ਪਰ ਦੂਰ ਅਜੇ ਪ੍ਰਭਾਤ ਕਿਤੇ। 

ਚਲੋ ਦੀਵਿਉ ਰਲ਼ ਕੇ ਬਲ਼ੀਏ, ਬੜੀ ਹਨ੍ਹੇਰੀ ਰਾਤ ਅਜੇ। 

ਖ਼ਬਰਾਂ ਦੀ ਇੱਕ ਸੁਰਖ਼ੀ ਪੜ੍ਹ ਕੇ, ਕਿਉਂ ਏਨਾ ਘਬਰਾਉਂਦੇ ਹੋ, 

ਜ਼ਹਿਰ ਬਥੇਰਾ, ਸ਼ਹਿਰ ਮਿਰੇ ਵਿੱਚ, ਘਰ ਘਰ ਨੇ ਸੁਕਰਾਤ ਅਜੇ। 

ਡਰ ਡਰ ਕੇ ਕੀ ਜੀਣਾ ਹੋਇਆ,ਐਨੀ ਵੀ ਤੇ ਦੂਰੀ ਨਹੀਂ, 

ਹੋਠਾਂ ਉੱਤੇ ਕਿਉਂ ਨਹੀਂ  ਔਂਦੀ,ਅੱਖਾਂ ਵਿਚਲੀ ਬਾਤ ਅਜੇ। 

ਰੁੱਤਾਂ ਸੰਗ ਯਾਰਾਨਾ ਹੈ ਤਾਂ, ਕਮਰੇ ਦੀ ਪਾਬੰਦੀ ਕਿਉਂ,

ਕੀ ਹੋਇਆ ਜੇ ਨਹੀਂ ਸੁਖਾਵੇਂ , ਬਾਹਰ ਦੇ ਹਾਲਾਤ ਅਜੇ। 

ਹੰਝੂਆਂ ਦੀ ਇਹ ਬੂੰਦਾ ਬਾਂਦੀ,ਤੁਪਕਾ ਤੁਪਕਾ ਮੁੜ੍ਹਕੇ ਦਾ, 

ਇਸ ਨਗਰੀ ਦੀ ਕਿਸਮਤ ਵਿੱਚ ਹੈ,ਐਸੀ ਹੀ ਬਰਸਾਤ ਅਜੇ। 

📝 ਸੋਧ ਲਈ ਭੇਜੋ