ਹਾੜ ਦੇ ਦਿਹਾੜੇ ਨੇ ਤੇ ਥਲਾਂ ਦੀ ਦੁਪਹਿਰ

ਵਾਟੇ ਵਾਟੇ ਕਿਤੇ ਇਕ ਰਾਹੀ ਪਿਆ ਜਾਂਦਾ

ਗਰਮੀ ਤੇ ਲੂ ਬੁਰੀ ਬਾਬ ਪਏ ਕਰਦੇ ਨੇ

ਪੈਰ ਜਿਥੇ ਧਰਦਾ ਲੂਸਦੇ ਤੇ ਸੜਦੇ ਨੇ

ਵੱਧ ਕੇ ਡਰਾਮੇਂ ਨਾਲੋਂ ਭੋਇੰ ਤਪੀ ਹੋਈ

ਨੇੜੇ ਨੇੜੇ ਕਿਤੇ ਕੋਈ ਰੁੱਖ ਨਹੀਂ ਦਿਸਦਾ

ਉਹ ਵੀ ਸਗੋਂ ਉਹਦੇ ਕੋਲੋਂ ਪਿਛਾਂ ਪਿਛਾਂ ਰਹਿੰਦਾ

ਉਸ ਦੇ ਉਹਲੇ ਪਿਆ ਲੁਕ ਲੁਕ ਬਹਿੰਦਾ

ਰੱਬ ਜਾਣੇ ਕੌਣ ਤੇ ਕਿਹੜੀ ਥਾਉਂ ਆਇਆ

ਕਿਸੇ ਰੰਗ ਪੁਰ ਵੱਲੋਂ ਖੇੜਿਆਂ ਨੂੰ ਧਾਇਆ

ਜਾਂ ਕੋਈ ਬੁੱਤੀਆਂ ਵਗਾਰ ਪਿਆ ਕਰਦੈ

ਵੇਲੇ ਸਿਰ ਪੁੱਜਣੇ ਨੂੰ ਪੰਧ ਪਿਆ ਵਢਦੈ

ਖ਼ੌਰੇ ਕਿਹੜੇ ਵਖ਼ਤਾਂ ਨੂੰ ਇਸ ਵਲ ਫੜਿਆ ?

ਇਹੋ ਜਿਹੇ ਵਿਚ ਜਿਹੜਾ ਪੈਂਡਿਆਂ 'ਚ ਵੜਿਆ

ਡੂੰਘਾ ਜ਼ਰਾ ਸੋਚੀਏ ਤੇ ਅਸੀਂ ਉਹਦੇ ਨਾਲ ਦੇ

ਪੈਂਡਿਆਂ ਦੇ ਵਿਚ ਪਏ ਉਮਰਾਂ ਹਾਂ ਗਾਲਦੇ

ਪੈਂਡੇ ਜਿਹਨਾਂ ਪਤਾ ਨਹੀਂ ਕਦੋਂ ਕਿਥੇ ਮੁੱਕਣੈਂ

ਕਦੋਂ ਜਾ ਕੇ ਵਖ਼ਤਾਂ ਦੇ ਮੁੜ੍ਹਕਿਆਂ ਸੁੱਕਣੈਂ

ਖ਼ੌਰੇ ਕਦੋਂ ਸੁੱਖਾਂ ਵਾਲਾ ਕੋਟ ਕਿਤੇ ਦਿਸਣੈਂ

ਮੰਜ਼ਲਾਂ ਨੇ ਖ਼ੌਰੇ ਕਦੋਂ ਸਾਡੇ ਉਤੇ ਵਿਸਣੈਂ।

ਅਜੇ ਤੇ ਨੇ ਹੱਥੋਂ ਦੂਰ ਦੂਰ ਪਈਆਂ ਹੋਂਦੀਆਂ

ਪੈਰਾਂ ਦਿਆਂ ਛਾਲਿਆਂ ਨੂੰ ਸੂਲਾਂ ਪਈਆਂ ਟੋਂਹਦੀਆਂ

ਵਾਟਾਂ ਨੇ ਅਜੇ ਖ਼ੌਰੇ ਕਿੰਨੀਆਂ ਲੰਮੇਰੀਆਂ

ਅੱਕ ਕੇ ਐਵੇਂ ਕਿਤੇ ਢਾ ਨਾ ਦੇਣ ਢੇਰੀਆਂ

📝 ਸੋਧ ਲਈ ਭੇਜੋ