ਪਿਆਰ ਦਿਲਾਸਾ ਲੈ ਬਹਿੰਦਾ ਈ
ਇੰਜ ਦਾ ਝਾਂਸਾ ਲੈ ਬਹਿੰਦਾ ਈ
ਰੱਜ ਕੇ ਹੱਸ ਪਰ ਚੇਤਾ ਰੱਖੀਂ
ਬਹੁਤਾ ਹਾਸਾ ਲੈ ਬਹਿੰਦਾ ਈ
ਰਹਿ ਜਾਵੇ ਤਾਂ ਉੱਚੇ ਘਰ ਨੂੰ
ਨੀਵਾਂ ਪਾਸਾ ਲੈ ਬਹਿੰਦਾ ਈ
ਬਹੁਤੇ ਤਿੱਖੇ ਨੈਣ ਨਕਸ਼ ਤੇ
ਰੰਗ ਪਤਾਸਾ ਲੈ ਬਹਿੰਦਾ ਈ
ਮੈਂ ਭੈੜੀ ਨੂੰ ਛੱਡਦੇ ਮੈਂ ਦਾ
ਇੱਕ ਵੀ ਮਾਸਾ ਲੈ ਬਹਿੰਦਾ ਈ
‘ਸੰਧੂ’ ਯਾਰ ਬੜੇ ਨੇ ਉਂਝ ਪਰ
ਇਹ ਭਰਵਾਸਾ ਲੈ ਬਹਿੰਦਾ ਈ