ਪੈਰ ਜਦੋਂ ਦੇ ਚੰਨ ਤੇ ਪਹੁੰਚੇ ਨੇ ਇਨਸਾਨਾਂ ਦੇ

ਪੈਰ ਜਦੋਂ ਦੇ ਚੰਨ ਤੇ ਪਹੁੰਚੇ ਨੇ ਇਨਸਾਨਾਂ ਦੇ

ਉੱਥੇ ਵਧ ਗਏ ਨੇ ਅੰਦੇਸ਼ੇ ਨਿੱਤ ਤੂਫ਼ਾਨਾਂ ਦੇ

ਮੈਂ ਕੀ ਜਾਣਾ ਕੌਣ ਗਿਆ ਤੇ ਕੌਣ ਆਇਆ ਘਰ,

ਮੈਂ ਤੇ ਤਾਰੇ ਗਿਣਦਾ ਰਹਿਣਾ ਬਸ ਅਸਮਾਨਾਂ ਦੇ

ਨਿਤ ਨਵੇਂ ਬਹੁਤਾਨ ਨੂੰ ਜਰਨਾ ਕਿਸਮਤ ਉਨ੍ਹਾਂ ਦੀ,

ਜਿਨ੍ਹਾਂ ਭਰੋਸੇ ਕਰ ਲਏ ਭੁੱਲ ਕੇ ਵੀ ਅਣਜਾਨਾਂ ਦੇ

ਨਫ਼ਸਾ-ਨਫ਼ਸੀ ਦੁਨੀਆ ਉੱਤੇ ਐਨੀ ਵਧ ਗਈ ਏ,

ਵੇਖ ਰਿਹਾ ਹਾਂ ਥਾਂ ਥਾਂ ਸੌਦੇ ਮੈਂ ਈਮਾਨਾਂ ਦੇ

ਆਪਣੇ ਜਜ਼ਬੇ ਜੋ ਨਹੀਂ ਰੱਖਦੇ ਗਿਰਵੀ ਗ਼ਰਜ਼ਾਂ ਕੋਲ,

ਭਾਰ ਕਦੇ ਨਹੀਂ ਚੁਕਦੇ ਯਾਰੋ ਉਹ ਅਹਿਸਾਨਾਂ ਦੇ

ਜਾਂਦਾ ਵੇਲਾ ਜਦ ਵੀ ਆਪਣੀ ਆਈ ਤੇ,

ਰੇਜ਼ਾ-ਰੇਜ਼ਾ ਕਰਦਾ ਪਲ ਵਿਚ ਮਾਨ ਚਟਾਨਾਂ ਦੇ

ਫੜੀਆਂ ਹੋਵਣ ਜੇ ਕਰ 'ਆਗ਼ਾ' ਕੰਬਦੇ ਹੱਥਾਂ ਵਿਚ,

ਤੀਰ ਨਿਸ਼ਾਨੇ ਤੇ ਨਹੀਂ ਲੱਗਦੇ ਫੇਰ ਕਮਾਨਾਂ ਦੇ

📝 ਸੋਧ ਲਈ ਭੇਜੋ