ਪੈਰ ਪੈਰ ਤੇ ਭਾਂਬੜ ਬਲ਼ ਪਏ ਕੋਹ ਕੋਹ ਅੱਗਾਂ ਲੱਗੀਆਂ
ਸੱਚ ਲਿਖਿਆ ਤੇ ਕਈ ਸੱਜਣਾਂ ਨੂੰ ਓਹ ਓਹ ਅੱਗਾਂ ਲੱਗੀਆਂ
ਮਹਿਲੀਂ ਸੁੱਤਿਆਂ ਤੂੰ ਕੀ ਜਾਣੇ ਕੀ ਨੇ ਭੁੱਖ ਦੇ ਸੋਕੇ
ਝੁੱਗੀਆਂ ਕੋਲ਼ੋਂ ਪੁੱਛ ਤੂੰ ਜਿੱਥੇ ਪੋਹ ਪੋਹ ਅੱਗਾਂ ਲੱਗੀਆਂ
ਕੋਈ ਤਾਂ ਦੱਸੇ ਉਹ ਦੀਵਾ ਕਿਉਂ ਹਾਲੇ ਤੱਕ ਨਈਂ ਬਲ਼ਿਆ
ਜਿਸ ਲਈ ਘਰ ਘਰ ਚੰਨਾ ਦੇ ਚੰਨ ਕੋਹ ਕੋਹ ਅੱਗਾਂ ਲੱਗੀਆਂ
ਚੇਤਰ ਫਾਹੇ ਲੱਗਿਆ ਤੇ ਫਿਰ ਹੱਥੋਂ ਹੱਥੀਂ ਹਰ ਥਾਂ
ਫੁੱਲ ਕਲੀਆਂ ਤੋਂ ਰੰਗ ਤੇ ਹਾਸੇ ਖੋਹ ਖੋਹ ਅੱਗਾਂ ਲੱਗੀਆਂ
ਅੱਜ ਫਿਰ ਪਿੰਡ ਵਿਚ ਉਹਦੇ ਵਰਗੀ ਸ਼ਾਮ ਪਰਾਹੁਣੀ ਆਈ
ਅੱਜ ਫਿਰ ਦਿਲ ਨੂੰ ਪਿਛਲੇ ਕਿੱਸੇ ਛੋਹ ਛੋਹ ਅੱਗਾਂ ਲੱਗੀਆਂ
ਅੰਨ੍ਹੀ ਰੁੱਤ ਦੇ ਅੰਨ੍ਹਿਆਂ ਨੇ ਜਦ ਰਲ਼ ਕੇ ਅੰਨ੍ਹ ਮਚਾਇਆ
ਪੂਰੀ ਰੁੱਤ ਸੁਜਾਖੇ ਸੁਫ਼ਨੇ ਟੋਹ ਟੋਹ ਅੱਗਾਂ ਲੱਗੀਆਂ
ਸਿੱਧੀ ਗੱਲ ਏ ਜਾਂ ਕੋਹੜਾ ਜਾਂ ਫਿਰਕੇਬਾਜ਼ ਏ ‘ਸੰਧੂ’
ਜਿਹਨੂੰ ਹਰ ਥਾਂ ਹੁੰਦੀ ਤੱਕ ਕੇ ਮੋਹ ਮੋਹ ਅੱਗਾਂ ਲੱਗੀਆਂ