ਤੇਰੇ ਭਗਤਾਂ ਦੇ ਚਰਨਾਂ ਦੀ ਮੈਂ ਜਿਸ ਦਿਨ ਖਾਕ ਹੋਵਾਂਗਾ,
ਜਨਮਾਂ ਤੋਂ ਹਾਂ ਮੈਂ ਪਾਪੀ ਤਾਂ ਪਲ ਵਿੱਚ ਪਾਕ ਹੋਵਾਂਗਾ।
ਅਜੇ ਅਖਰ ਵੀ ਨਹੀਂ ਹਾਂ ਮੈਂ ਕਰਾਂ ਹੰਕਾਰ ਕਿਸ ਗੱਲ ਦਾ,
ਗੁਰੂ ਦੀ ਮੇਹਰ ਜਦ ਹੋਈ ਤਾਂ ਪੂਰਾ ਵਾਕ ਹੋਵਾਂਗਾ।
ਨਿਰਭੈ ਮਿਲ ਗਿਐ ਮੈਨੂੰ ਕੀ ਨਿਰਭੈ ਹੋ ਗਿਆ ਹਾਂ ਮੈਂ?
ਗੁਰੂ ਦੀ ਗੱਲ ਕਰਦੇ ਵਕਤ ਕਦ ਬੇਬਾਕ ਹੋਵਾਂਗਾ?
ਵਿੱਚ ਸੰਸਾਰ ਦੇ ਰਹਿ ਕੇ ਰਹਾਂ ਉਪਰਾਮ ਯਾ ਅੱਲ੍ਹਾ,
ਤੇਰੇ ਨਾਲ ਧਿਆਨ ਜੋੜਨ ਦੀ ਸਦਾ ਵਿੱਚ ਤਾਕ ਹੋਵਾਂਗਾ।
ਤੂੰ ਤੇ ਭਗਵਾਨ ਭੋਲਾ ਹੈਂ, ਤੂੰ ਰੀਝੇਂ ਭੋਲਿਆਂ ਉੱਤੇ,
ਤੈਨੂੰ ਪਾ ਕੇ ਗੰਵਾ ਬੈਠਾਂਗਾ ਜੇ ਚਲਾਕ ਹੋਵਾਂਗਾ।
ਤਾਂ ਹੀ ਮੈਂ ਸਿੱਖ ਹਾਂ ਜੇਕਰ ਸਦਾ ਸਿਖਣੇ ਲਈ ਤਤਪਰ ਹਾਂ,
'ਸਾਹਿਬ' ਜੇ ਮੇਹਰ ਕਰ ਦੇਵੇਂ ਗੁਣਾਂ ਦਾ ਗਾਹਕ ਹੋਵਾਂਗਾ।