ਪੱਕੇ ਆਲ੍ਹਣੇ ਵਿਕਦੇ ਵੇਖੇ

ਅੱਜ ਮੈਂ ਮਿੱਟੀ ਦੇ ਭੱਠੇ ’ਤੇ ਪੱਕੇ

 ਆਲ੍ਹਣੇ ਦੁਕਾਨੀਂ ਵਿਕਦੇ ਵੇਖੇ।

 ਬੜੇ ਮਾਣ ਨਾਲ਼ ਬੰਦੇ ਖ਼ਰੀਦ ਰਹੇ।

 ਲੱਗੇ ਮਨ ਨੂੰ ਪਾਉਣ ਭੁਲੇਖੇ।

 ਮੈਂ ਪੁੱਛ ਬੈਠੀ ਇੱਕ ਸਵਾਲ।

 ਮਸੀਂ-ਮਸੀਂ ਰੋਕਿਆ ਬਵਾਲ।

 ਕੀ ਪੁੱਛਿਆ ਤੁਹਾਨੂੰ ਦੱਸਦੀ ਹਾਂ।

 ਨਾਲ਼ੇ ਦੋਹਾਂ ਪੱਖਾਂ ਰੱਖਦੀ ਹਾਂ।

 ਪੰਛੀ ਤੇ ਖੁਦ ਬਣਾਉਣਾ ਜਾਣਦੇ।

 ਉਹ ਇੰਞ ਹੀ ਜ਼ਿੰਦਗੀ ਮਾਣਦੇ।

 ਬਿਜੜਾ ਮਿਹਨਤੀ ਆਲ੍ਹਣਾ ਪਾਵੇ।

 ਬਿਜੜੀ ਜੇ ਪਸੰਦ ਨਾ ਆਵੇ।

 ਸਾਰੀ ਕੀਤੀ ਖੇਹ ਵਿੱਚ ਪੈਜੇ।

 ਅੱਧ ’ਚ ਛੱਡ ਦੂਜਾ ਬਣਾਵੇ।

 ਜਦ ਪਸੰਦ ਉਸ ਜਾਵੇ।

 ਫਿਰ ਉਹ ਨਾਲ਼ ਲੱਗ ਬਣਾਵੇ।

 ਗਾਰਾ ਚੁੰਝ ਭਰ ਪੋਚਾ ਮਾਰੇ।

 ਜ਼ਿੰਦਗੀ ਸ਼ੁਰੂ ਕਰਨ ਤਾਂ ਪਿਆਰੇ।

 ਫੇਰ ਪਿਆਰ ’ਚ ਮੇਲ਼ ਕਰਨ।

 ਬੱਚੇ ਰਲ਼ ਪਾਲਣ ਦੋਵੇਂ ਨਿਆਰੇ।

 ਅਸੀਂ ਬੱਚਿਆਂ ਲਈ ਮਹਿਲ ਬਣਾਏ।

 ਉਹ ਕੀ ਕਰਨ ਧਰਤ ’ਤੇ ਆਏ।

 ਉਹਨਾਂ ਕੁਝ ਨਹੀਂ ਕਰਨਾ ਆਪੇ।

 ਉਹਨਾਂ ਵੀ ਤੇ ਬਣਨਾ ਮਾਪੇ।

 ਤੁਹਾਡਾ ਵੰਢਿਆ ਕਿਉਂ ਖਾ ਜੀਵਣ

 ਪਾਣੀ ਬਚਾ ਲਉ, ਜੋ ਸੁੱਚਾ ਪੀਵਣ।

 ਤੁਹਾਡੀ ਔਲਾਦ ਤੁਸੀਂ ਸੋਚ ਸਕਦੇ।

 ਇਨਸਾਨ ਸ਼ੁਰੂ ਤੋਂ ਏਦਾਂ ਕਰਦੇ ਨੇ।

 ਬੰਦੇ ਜੋੜ, ਭਰ ਰੱਖਣ ਜਖ਼ੀਰੇ।

 ਵੇਖਿਆ ਬੰਦੇ ਭੁੱਖੇ ਮਰਦੇ ਨੇ।

 ਕਮ ਸੇ ਕਮ ਪੰਛੀਆਂ ਨੂੰ ਬਖ਼ਸ਼ ਦਿਓ।

 ਤੀਲੇ ਚੁਗ ਆਲਣਾ ਪਾਉਣ ਦਿਓ।

 ਹਾਂ ਜੇਕਰ ਸਕਦੇ ਤਾਂ ਵੱਢੋ ਨਾ ਰੁੱਖ।

 ਮਰਨਾ ਸਰਬ ਤੂੰ ਵੀ ਛੱਡ ਦੇ ਭੁੱਖ।

 ਜਿਊਣਾ ਕਿੰਞ ਓਸ ਪਹਿਲਾਂ ਲਿਖਿਆ।

 ਪੰਛੀਆਂ ਆਪਣੀ ਜੂਨੀ ਜਿਊਣ ਦਿਓੁ।

 ਰਜ਼ਾ ਉਹਦੀ ਉਹਨੇ ਜਿੱਥੇ ਸੁੱਟੇ

 ਚੁਗ ਢੂੰਡ ਕੇ ਦਾਣੇ ਖਾਣ ਦਿਓ।

 ਆਪਣੀ ਜ਼ਿੰਦਗੀ ਆਪਣੇ ਅੰਦਾਜ਼ ’ਚ

 ਹਰ ਕੋਈ ਚਾਹੁੰਦਾ ਜਿਊਣਾ ਜੀ।

 ਦੂਜਿਆਂ ਹੱਕ ਜਦ ਆਪਣਾ ਮਿਲ਼ਿਆ

 ਉਹਦੇ ਭਾਣੇ ਵਿੱਚ ਕਿਉਂ ਆਉਣਾ ਜੀ।

 ਸਰਬ ਕਰੇ ਬੇਨਤੀ ਇਨਸਾਨਾਂ।

 ਆਲਣੇ ਛੱਤਾਂ ਟੰਗਣੇ ਬੰਦ ਕਰੋ।

 ਸਾਰੇ ਉਸ ਦੀ ਕੁਦਰਤ ਮਾਣਨ।

 ਕਿਸੇ ਜੀਵ ਨਾ ਤੰਗ ਕਰੋ।

📝 ਸੋਧ ਲਈ ਭੇਜੋ