ਪਲ-ਛਿਣ ਅੰਦਰ ਗੁੰਮ-ਸੁੰਮ ਹੋਇਆ ਸਾਂ-ਸਾਂ ਕਰਦਾ ਸਾਰਾ ਜੰਗਲ ।
ਸਰਘੀ ਜਦ ਛਣਕਾ ਕੇ ਲੰਘੀ ਸੋਨੇ ਰੰਗੀ ਅਪਣੀ ਪਾਯਲ ।
ਸੁੱਤੀ ਹੋਈ ਦੁਨੀਆਂ ਜਾਗੇ ਹਰ ਥਾਂ ਹੋਵੇ ਹਲਚਲ-ਹਲਚਲ ।
ਸੂਰਜ ਜਦ ਸਰਕਾ ਦਿੰਦਾ ਹੈ ਜੋ ਸਰਘੀ ਦੇ ਮੁਖੜੇ ਤੋਂ ਆਂਚਲ ।
ਬਸਤੀ ਤੋਂ ਉਕਤਾਏ ਪੰਛੀ ਸ਼ਾਇਦ ਏਧਰ ਆ ਹੀ ਨਿਕਲਣ,
ਰਸਤੇ ਵੱਲ ਨੂੰ ਖੁੱਲ੍ਹਦੀ ਖਿੜਕੀ 'ਤੇ ਮੈਂ ਲਿਖ ਦਿੱਤਾ ਹੈ ਜੰਗਲ ।
ਫਿਰ ਵੀ ਦੋਹਾਂ ਦੇ ਦਿਲ ਅੰਦਰ ਕੱਚੀਆਂ ਵੰਗਾਂ ਵਰਗਾ ਤੇਹ ਸੀ,
ਨਾ ਸੀ ਥਲ ਨੇ ਤੱਕਿਆ ਦਰਿਆ ਨਾ ਦਰਿਆ ਨੇ ਤੱਕਿਆ ਸੀ ਥਲ ।
ਦਫ਼ਤਰ ਅੰਦਰ ਸਾਰਾ ਹੀ ਦਿਨ ਉਲਝੇ ਰਹੀਏ ਫ਼ਾਈਲਾਂ ਅੰਦਰ,
ਸ਼ਾਮ ਢਲੀ 'ਤੇ ਘੋਰ ਉਦਾਸੀ ਆ ਮੱਲਦੀ ਹੈ ਘਰ ਦੀ ਸਰਦਲ ।
ਜੰਗਲ ਤੋਂ ਛੁਟਕਾਰਾ ਕਿੱਦਾਂ ਪਾ ਸਕਦੀ ਹੈ ਭੋਲੀ ਨਗਰੀ ?
ਨਗਰੀ ਦੇ ਇਕ ਬਾਹਰ ਜੰਗਲ ਨਗਰੀ ਦੇ ਇਕ ਅੰਦਰ ਜੰਗਲ ।
ਗੁੰਮ ਗਈ ਝਾਂਜਰ ਨੂੰ ਦੇ ਚਰਚੇ, ਘੜਿਆਂ ਤੇ ਗਾਗਰ ਦੇ ਚਰਚੇ,
ਦਿਲ ਵਿਚ ਭੇਤ ਛੁਪਾਈ ਰੱਖੇ ਖੂਹ ਦੀ ਮਣ 'ਤੇ ਉੱਗਿਆ ਪਿੱਪਲ ।
'ਇਕਵਿੰਦਰ' ਸਭਨੇ ਪਾ ਲੈਣਾ ਪੂਰਾ-ਪੂਰਾ ਅਪਣਾ ਹਿੱਸਾ,
ਇਕਨਾ ਹਿੱਸੇ ਆਵੇ ਸਾਹਿਲ ਇਕਨਾ ਹਿੱਸੇ ਆਵੇ ਦਲ-ਦਲ ।