ਪਲ-ਪਲ ਖੇਡੇ ਚਾਲ

ਪਲ-ਪਲ ਖੇਡੇ ਚਾਲ, ਜ਼ਮਾਨਾ ਉਸ ਦਾ ਹੈ।

ਜਿਸ ਦੀ ਅਦਾ ਕਮਾਲ, ਜ਼ਮਾਨਾ ਉਸ ਦਾ ਹੈ।

ਅੰਬਰੀਂ ਉਡਦੇ ਪੰਛੀ ਵੀ ਉਹ ਫਾਹ ਲੈਂਦੇ,

ਬੁਣਨਾ ਜਾਣੇ ਜਾਲ, ਜ਼ਮਾਨਾ ਉਸ ਦਾ ਹੈ।

ਤੇਰੇ ਆਦਰਸ਼ਾਂ ਨੂੰ ਬਾਬਾ ਪੁੱਛਦੈ ਕੌਣ?

ਜੀਹਦੇ ਪੱਲੇ ਮਾਲ, ਜ਼ਮਾਨਾ ਉਸ ਦਾ ਹੈ।

ਹੱਕ ਪਰਾਇਆ ਖਾਵੇ ਤਕੜਾ ਧੌਂਸ ਦੇ ਨਾਲ,

ਕੁਸਕੇ ਕੋਈ ਮਜਾਲ, ਜ਼ਮਾਨਾ ਉਸ ਦਾ ਹੈ।

ਹਰ ਥਾਂ ਤੂਤੀ ਬੋਲੇ ਚਮਚਾਗੀਰੀ ਦੀ,

ਹੋਵੇ ਹਾੜ੍ਹ ਸਿਆਲ, ਜ਼ਮਾਨਾ ਉਸ ਦਾ ਹੈ।

ਨੇਤਾ, ਪੁਲੀਸ, ਮੀਡੀਆ, ਅਫ਼ਸਰ ਤੇ ਬੀਵੀ,

ਜਿਸ 'ਤੇ ਹੋਣ ਦਿਆਲ, ਜ਼ਮਾਨਾ ਉਸ ਦਾ ਹੈ। 

📝 ਸੋਧ ਲਈ ਭੇਜੋ