ਹੈਰਾਨਗੀ ਅਚਰਜਤਾ ਵਾਲਾ
ਵਿਸਮਾਦ ਛਿੜਿਆ
ਮਨ ਦੀਆਂ ਗਹਿਰਾਈਆਂ ਵਿੱਚ
ਜਦ ਤੇਰੀ ਯਾਦ
ਦਰਾਂ ਮੂਹਰਿਓਂ ਕੱਲ ਲੰਘੀ
ਕੁਦਰਤ ਨੂੰ
ਬੇਅੰਤ ਰੰਗਾਂ ਪਦਾਰਥਾਂ ਵਿੱਚ ਵੇਖ
ਮਨੁੱਖ ਦੇ ਮਨ ਖਿੜਦੇ
ਬਿਲਕੁਲ ਓਸੇ ਤਰ੍ਹਾਂ ਮੈਂ ਕੱਲ੍ਹ ਨੱਚਿਆ
ਮਹਿੰਦੀ ਵਾਲੀ ਰੁੱਤ
ਜਿਵੇਂ ਗਾਉਂਦੀ ਨਹੀਂ ਥੱਕਦੀ
ਸਾਉਂਦੀ ਨਹੀਂ ਰਿਸ਼ਮ ਪਹਿਲ ਵਰੇਸ ਦੀ
ਚਾਹ ਦੀਆਂ ਘੁੱਟਾਂ ਵੀ
ਜਿਵੇਂ ਤੇਰੀਆਂ ਗੱਲਾਂ ਹੋਣ ਨਿੱਕੀਆਂ ਨਿੱਕੀਆਂ ਮੁਸਕਾਨਾਂ
ਹੋਰ ਕੀ ਹੁੰਦੀ ਹੈ ਪਿਆਰ ਕਹਾਣੀ
ਇਹੋ ਜਿਹੀ ਪਰਿਭਾਸ਼ਾ ਦੀ ਵਿਆਕਰਣ ਅੰਤਰਮੁਖੀ ਬਿਆਨਬਾਜ਼ੀ
ਹੀ ਤਾਂ ਹੁੰਦੀ ਹੈ
ਤੇਰੇ ਝੂਠੇ ਵਾਅਦਿਆਂ ਵਰਗੀ
ਮੁਹੱਬਤ ਜਦੋਂ ਮਰਜ਼ੀ
ਨਰਾਜ਼ ਪਲਾਂ ਵਿਚ ਵਹਿ ਤੁਰੇ
ਇਹ ਵੀ ਤਾਂ ਮੇਲੇ ਵਿੱਚ
ਪ੍ਰਤੱਖ ਪ੍ਰਮਾਣ
ਵੰਗਾਂ ਚੜ੍ਹਾਉਣ ਦੇ ਚਾਅ
ਵਰਗੇ ਹੀ ਹੁੰਦੇ ਹਨ
ਜਾਂ ਕਿਸੇ ਸੋਹਣੇ ਯਾਰ ਨੂੰ
ਰੱਬ ਬਣਾ ਕੇ ਨੱਚਣ ਟੱਪਣ ਵਾਲਾ
ਨਗ਼ਮਾ ਕਵਿਤਾ ਗੀਤ ਜਾਂ ਨਜ਼ਮ
ਪੌਣਾਂ ਵਿੱਚ
ਵਿਸਮਾਦ ਗੂੰਜਣ ਲੱਗ ਜਾਂਦੇ ਹਨ
ਇਹ ਲੋਰਾਂ ਹੀ ਤਾਂ ਹੁੰਦੀਆਂ ਨੇ
ਨਾਦ ਨਹੀਂ
ਕਾਹਦੀਆਂ ਮਹਿਕਾਂ ਫੁੱਲਾਂ ਦੀਆਂ
ਸੁਗੰਧੀਆਂ ਤਾਂ ਤੇਰੀਆਂ ਪੈੜਾਂ ਚੋਂ ਆਉਣ
ਛਣਕ ਤਾਂ ਤੇਰੀਆਂ ਪਾਇਲਾਂ ਦੀ
ਵਿਹੜੇ ਰਾਹ ਛਣਕਣ
ਭੁੱਲ ਜਾਣ ਰਾਹ ਨਿਮਾਣੇ ਰਾਹੀ
ਵਿਸਮਾਦੁ ਤਾਂ ਨੰਗਿਆਂ ਬੁੱਲਿਆਂ ਚ ਵਸਿਆ
ਫਿਰ ਰਹੇ ਜੋ ਦੁਨੀਆਂ ਗ੍ਹਾਉਂਦੇ
ਸਭ ਕੁਝ ਤੇਰੇ ਆਉਣ ਨਾਲ
ਵਿਸਮਾਦੀ ਹੋ ਜਾਵੇ
ਖ਼ੁਸ਼ੀ ਚ ਵਾਰ ਵਾਰ ਤੱਕਣ
ਉਡੀਕਣ ਰੁੱਖ ਪਿੰਡ ਦੇ
ਤੂੰ ਓਸ ਵੇਲੇ
ਮਨ ਦੀ ਹਾਲਤ ਦੇਖੀਂ ਆ ਕੇ
ਮਨ ਧਰਤੀ ਨੂੰ
ਲੀਕਾਂ ਵਾਹ ਵਾਹ ਭਰ ਦੇਵੇ
ਆਪੇ ਵਿੱਚ ਲੀਨ
ਅਨੰਦ ਲਵੇ ਤੇਰੀ ਮੁਹੱਬਤ
ਪਹਿਲੀ ਮੁਸਕਾਨ ਵਿਸਮਾਦੀ ਦੀਆਂ
ਸੁਫ਼ਨਾ ਤੇਰੀਆਂ ਅੰਗੜਾਈਆਂ ਦਾ