ਪੰਛੀ ਜਦ ਆਜ਼ਾਦ ਹੋਣਗੇ ।
ਸੁੰਨੇ ਘਰ ਆਬਾਦ ਹੋਣਗੇ ।
ਆਪੇ ਪਰਤਣਗੇ ਪਰਦੇਸੀ,
ਜੇਕਰ ਵਾਅਦੇ ਯਾਦ ਹੋਣਗੇ ।
ਪਿਛਲੇ ਪਾਠ ਭੁਲਾਈ ਜਾਨਾਂ,
ਅਗਲੇ ਕਿੱਦਾਂ ਯਾਦ ਹੋਣਗੇ ?
ਸਾਡੀ ਬਰਬਾਦੀ ਦੇ ਆਸ਼ਕ,
ਆਪੇ ਹੀ ਬਰਬਾਦ ਹੋਣਗੇ ।
'ਇਕਵਿੰਦਰ' ਇਹ ਤੱਕਿਆ ਨਾ ਸੀ ?
ਰਹਿਬਰ ਵੀ ਜੱਲਾਦ ਹੋਣਗੇ ।
'ਇਕਵਿੰਦਰ' ਗੁਜ਼ਰੇਗਾ ਜਿੱਥੋਂ ,
ਉੱਥੇ ਵਾਦ-ਵਿਵਾਦ ਹੋਣਗੇ।
'ਇਕਵਿੰਦਰ' ਨਾ ਪਰਖੀਂ ਗ਼ਜ਼ਲਾਂ ,
ਪਰਖਣ ਜੋ ਉਸਤਾਦ ਹੋਣਗੇ ।