(ਡਾ: ਬਲਬੀਰ ਸਿੰਘ ਦੀ ਯਾਦ ਨੂੰ ਸਮਰਪਿਤ)
ਆ ਯਾਰਾ ਰਲ ਪੰਚਬਟੀ ਨੂੰ ਚਲੀਏ
ਓਥੇ ਬੀਰੀ ਲਛਮਣ ਭਾਈ
ਚਲ ਸੋਨ-ਮਿਰਗ ਦੀ ਅੱਖ ਵਿਚ ਬਹਿ ਕੇ
ਸੋਹਣੀ ਸੀਤਾ ਤਕੀਏ
ਓਥੇ ਕੋਈ ਨ ਹਟਕੇ ਹੋੜੇ
ਓਥੇ ਸੱਭੇ ਦੂਰ ਬਲਾਈਂ
ਓਥੇ ਬੀਰੀ ਲਛਮਣ ਭਾਈ
ਚਲ ਪੰਚਬਟੀ ਦੀ ਘਾਹ ਤੇ
ਗੋਰੀ ਧੁੱਪ ਬਣ ਕੇ ਵਿਛ ਜਾਈਏ
ਓਥੇ ਧੁੱਪ ਬਿਨ ਹੋਰ ਨ ਦੂਜਾ
ਓਥੇ ਕੋਈ ਨਹੀਂ ਪਰਛਾਈਂ
ਓਥੇ ਬੀਰੀ ਲਛਮਣ ਭਾਈ
ਇਕ ਪੰਚਬਟੀ ਵਿਚ ਉੱਚਾ-ਸੁੱਚਾ
ਮੁਸ਼ਕਪੂਰ ਦਾ ਬੂਟਾ
ਉਹਦੀ ਖ਼ੁਸ਼ਬੋ ਵਾਜਾਂ ਮਾਰੇ
ਰੱਖ ਸਾਡੇ ਵਲ ਨਿਗਾਹੀਂ
ਓਥੇ ਬੀਰੀ ਲਛਮਣ ਭਾਈ