ਪੰਦਰਾਂ ਅਗਸਤ ਦੇ ਨਾਂ

ਅਸੀਂ ਤੋੜੀਆਂ ਗ਼ੁਲਾਮੀ ਦੀਆਂ ਕੜੀਆਂ,

ਬੜੇ ਹੀ ਅਸੀਂ ਦੁਖੜੇ ਜਰੇ

ਆਖਣਾ ਸਮੇਂ ਦੀ ਸਰਕਾਰ ਨੂੰ,

ਉਹ ਗਹਿਣੇ ਸਾਡਾ ਦੇਸ਼ ਨਾ ਧਰੇ

ਅੱਜ ਘਾਤ ਲਾਈ ਬੈਠੇ, ਸਾਮਰਾਜੀਏ ਵਪਾਰੀ

ਸਿਰੇ ਚੜ੍ਹਦੀ ਨੀ ਹੁੰਦੀ, ਜਿਹੜੀ ਪੈਸਿਆਂ ਦੀ ਯਾਰੀ

ਸਾਡੀ ਧੁੱਪ ਨਾਲ ਮੱਸਿਆ ਕਲੇਸ਼ ਨਾ ਕਰੇ

ਆਖਣਾ ਸਮੇਂ ਦੀ ਸਰਕਾਰ ਨੂੰ,

ਉਹ ਗਹਿਣੇ ਸਾਡਾ ਦੇਸ਼ ਨਾ ਧਰੇ

ਜਿੰਨਾ ਕੀਤਾ ਇਤਬਾਰ, ਓਨਾ ਹੋਏ ਹਾਂ ਖੁਆਰ

ਜਿੰਨਾ ਸੋਚਿਆ ਇਲਾਜ, ਓਨਾ ਹੋਏ ਹਾਂ ਬਿਮਾਰ

ਅੱਗੋਂ ਇਹੋ ਜਿਹੀ 'ਦਾਰੂ' ਕੋਈ ਪੇਸ਼ ਨਾ ਕਰੇ

ਆਖਣਾ ਸਮੇਂ ਦੀ ਸਰਕਾਰ ਨੂੰ,

ਉਹ ਗਹਿਣੇ ਸਾਡਾ ਦੇਸ਼ ਨਾ ਧਰੇ

ਉਤੋਂ ਬੁੱਧ ਦੀ ਚੇਲੀ, ਵਿਚੋਂ ਅੱਗ ਦੀ ਮਸ਼ੀਨ

ਕਰੇ ਹੱਕਾਂ ਨੂੰ ਕਤਲ, ਮਹਿੰਦੀ ਲਾਉਣ ਦੀ ਸ਼ੌਕੀਨ

ਸਾਡੇ ਲਹੂ ਵਿਚ ਕੇ ਪ੍ਰਵੇਸ਼ ਨਾ ਕਰੇ

ਆਖਣਾ ਸਮੇਂ ਦੀ ਸਰਕਾਰ ਨੂੰ,

ਉਹ ਗਹਿਣੇ ਸਾਡਾ ਦੇਸ਼ ਨਾ ਧਰੇ

ਜਾਗ ਉਠਿਆ ਮਜੂਰ, ਜਾਗ ਉਠਿਆ ਕਿਸਾਨ

ਤੋੜ ਦਿਆਂਗੇ ਫ਼ਰੇਬ, ਹੋਇਆ ਸਮੇਂ ਦਾ ਐਲਾਨ

ਕੋਈ ਹੱਕਾਂ ਦਿਆਂ ਅੱਖਰਾਂ ਨੂੰ ਮੇਸ ਨਾ ਧਰੇ

ਆਖਣਾ ਸਮੇਂ ਦੀ ਸਰਕਾਰ ਨੂੰ,

ਉਹ ਗਹਿਣੇ ਸਾਡਾ ਦੇਸ਼ ਨਾ ਧਰੇ

ਉੱਚੀ ਕਰਕੇ ਆਵਾਜ਼, ਮਜ਼ਦੂਰ ਨੇ ਹੈ ਕਹਿਣਾ

ਹਿੱਸਾ ਦੇਸ਼ ਦੀ ਆਜ਼ਾਦੀ ਵਿਚੋਂ ਅਸੀਂ ਵੀ ਹੈ ਲੈਣਾ

ਅੱਜ ਸਾਡੇ ਰਾਹਾਂ ਵਿਚ ਕੋਈ ਠੇਸ ਨਾ ਧਰੇ

ਆਖਣਾ ਸਮੇਂ ਦੀ ਸਰਕਾਰ ਨੂੰ,

ਉਹ ਗਹਿਣੇ ਸਾਡਾ ਦੇਸ਼ ਨਾ ਧਰੇ

📝 ਸੋਧ ਲਈ ਭੇਜੋ