* ਲੋਕੋ ਗੰਦਲਾ ਪੈ ਗਿਆ, ਮੇਰੇ ਪੰਜ ਆਬ ਦਾ ਪਾਣੀ।
ਜਾ ਕੇ ਕੀਹਨੂੰ ਸੁਣਾਵਾਂ ਮੈਂ, ਮੇਰੇ ਟੁੱਟੇ ਪੰਜਾਬ ਦੀ ਕਹਾਣੀ।
ਨਸ਼ਿਆਂ ਦੇ ਵਿੱਚ ਰੁੱਲ ਗਿਆ, ਅੱਧਾ ਪੰਜਾਬ ਹੈ ਮੇਰਾ।
ਸਿਆਸੀ ਹਨ੍ਹੇਰੀ 'ਚ ਝੁੱਲ ਗਿਆ, ਅੱਧਾ ਪੰਜਾਬ ਹੈ ਮੇਰਾ।
ਚੁਰਾਸੀ ਸੀਨੇ ਹੰਢਾਈ ਜੋ, ਲਾਲ ਹੋਇਆ ਅੰਮ੍ਰਿਤ ਤੋਂ ਪਾਣੀ।
* ਲੋਕੋ ਗੰਦਲਾ ਪੈ ਗਿਆ, ਮੇਰੇ ਪੰਜ ਆਬ ਦਾ ਪਾਣੀ।
ਜਾ ਕੇ ਕੀਹਨੂੰ ਸੁਣਾਵਾਂ ਮੈਂ, ਮੇਰੇ ਟੁੱਟੇ ਪੰਜਾਬ ਦੀ ਕਹਾਣੀ।
ਮਾਂ ਬੋਲੀ ਭੁੱਲ ਬੈਠੇ, ਸਕੂਲਾਂ ਦੇ ਦਰਾਂ 'ਤੋਂ ਭਜਾ 'ਤੀ।
ਸੰਤਾਲੀ ਦੀ ਸੀ ਆਜ਼ਾਦੀ ਜੋ, ਅੰਗਰੇਜ਼ੀ ਨੇ ਗ਼ੁਲਾਮ ਬਣਾ 'ਤੀ।
ਆਪਣੇ ਹੀ ਮਾਂ ਅੰਨ੍ਹੀ ਕਰ ਗਏ, ਕੌਣ ਬੋਲੇ ਪੰਜਾਬੀ ਜ਼ੁਬਾਨੀ।
* ਲੋਕੋ ਗੰਦਲਾ ਪੈ ਗਿਆ, ਮੇਰੇ ਪੰਜ ਆਬ ਦਾ ਪਾਣੀ।
ਜਾ ਕੇ ਕੀਹਨੂੰ ਸੁਣਾਵਾਂ ਮੈਂ, ਮੇਰੇ ਟੁੱਟੇ ਪੰਜਾਬ ਦੀ ਕਹਾਣੀ।
ਸੂਟੇ ਲਾਉਂਦੀ ਜਵਾਨੀ ਹੁਣ, ਚਿੱਟਾ ਹਰ ਪਾਸੇ ਹੈ ਚੱਲਦਾ।
ਇੱਜ਼ਤਾਂ ਵੀ ਭੁੱਲ ਬੈਠੀਆਂ, ਪੱਗ ਦੀ ਲਾਜ਼ ਕੋਈ ਨਾ ਮੰਨਦਾ।
ਹਰਿਆਲੀ ਵੱਢੀ ਜਾਵੇ ਜੋ, ਗੰਦਲਾ ਕਰ ਗਏ ਹਵਾ ਤੇ ਪਾਣੀ।
* ਲੋਕੋ ਗੰਦਲਾ ਪੈ ਗਿਆ, ਮੇਰੇ ਪੰਜ ਆਬ ਦਾ ਪਾਣੀ।
ਜਾ ਕੇ ਕੀਹਨੂੰ ਸੁਣਾਵਾਂ ਮੈਂ, ਮੇਰੇ ਟੁੱਟੇ ਪੰਜਾਬ ਦੀ ਕਹਾਣੀ।
ਗਰੀਬ ਦਾ ਚੁੱਲ੍ਹਾ ਵੀ ਨਾ ਚੱਲਦਾ, ਅਮੀਰ ਸੌਂਦੇ ਵਿਛਾ ਕੇ ਪੈਸਾ।
ਗੁਰੂਆਂ ਨੂੰ ਭੁੱਲ ਬੈਠੇ, ਧਾਰਮਿਕ ਧੰਦਾ ਚੱਲਦਾ ਕੈਸਾ।
ਗਰੀਬ ਕਿਸਾਨ ਹੈ ਮਰਦਾ, ਸ਼ੈਰੀ ਮੁੱਲ ਦਾ ਹੋਇਆ ਹੁਣ ਪਾਣੀ।
* ਲੋਕੋ ਗੰਦਲਾ ਪੈ ਗਿਆ, ਮੇਰੇ ਪੰਜ ਆਬ ਦਾ ਪਾਣੀ।
ਜਾ ਕੇ ਕੀਹਨੂੰ ਸੁਣਾਵਾਂ ਮੈਂ, ਮੇਰੇ ਟੁੱਟੇ ਪੰਜਾਬ ਦੀ ਕਹਾਣੀ।
ਸੰਤਾਲੀ ਦੀ ਵੰਡ ਵਿੱਚ, ਮੇਰੇ ਹਿੱਸੇ ਕਰਤੇ ਦੋ ਸੀ।
ਚੁਰਾਸੀ ਦਾ ਸੰਤਾਪ ਭੋਗਿਆ, ਮੇਰੇ ਅੱਖਾਂ ਦੀ ਉੱਡੀ ਲੋਅ ਸੀ।
ਪੰਜੋਂ ਪੁੱਤ ਵੰਡ ਦਿੱਤੇ ਮੇਰੇ, ਮਾਂ ਰੋਂਦੀ ਫਿਰੇ ਵਿਚਾਰੀ।