ਪਹਿਲਾ ਭੱਬਾ ਧੀਏ ਭਾਣੇ ਵਿੱਚ ਰਹਿਣਾ ਹੈ॥
ਦੁੱਖ ਸੁੱਖ ਆਵੇ ਤੰਨ ਉੱਤੇ ਸਹਿਣਾ ਹੈ॥
ਝੁੱਲ ਜਾਣ ਝੱਖੜ ਤੂੰ ਕਦੇ ਹਾਰੀਂ ਨਾ॥
ਪੰਜ ਭੱਬੇ ਧੀਏ ਮੰਨ ਚੋਂ ਵਸਾਰੀਂ ਨਾ॥
ਦੂਜਾ ਭੱਬਾ ਭਲਾ ਮੰਗੀ ਸਰਬੱਤ ਦਾ॥
ਮੰਨ ਨੀਵਾਂ ਕੱਦ ਉੱਚਾ ਰੱਖੀਂ ਮੱਤ ਦਾ॥
ਲਾਡਲੀਏ ਕਦੇ ਵੀ ਤੂੰ ਹੰਕਾਰੀਂ ਨਾ॥
ਪੰਜ ਭੱਬੇ ਧੀਏ ਮੰਨ ਚੋਂ ਵਸਾਰੀਂ ਨਾ॥
ਤੀਜਾ ਭੱਬਾ ਗੁਰੂ ਤੇ ਭਰੋਸਾ ਰੱਖਣਾ॥
ਦਿਲ ਨੀਂ ਡਲਾਉਣਾ ਨਾਮ ਰਸ ਚੱਖਣਾ॥
ਦਰ ਦਰ ਭਟਕੇ ਜੋ ਹੁੰਦੀ ਨਾਰੀਂ ਨਾ॥
ਪੰਜ ਭੱਬੇ ਧੀਏ ਮੰਨ ਚੋਂ ਵਸਾਰੀਂ ਨਾ॥
ਚੌਥਾ ਭੱਬਾ ਭੁੱਲ ਸਵੀਕਾਰ ਕਰਨੀ॥
ਉੱਚੀ ਨੀਂਵੀਂ ਗੱਲ ਹੱਸ-ਹੱਸ ਜਰਨੀ॥
ਇੱਜ਼ਤ ਤੇ ਮਾਣ ਕਦੇ ਵੀ ਤੂੰ ਮਾਰੀਂ ਨਾ॥
ਪੰਜ ਭੱਬੇ ਧੀਏ ਮੰਨ ਚੋਂ ਵਸਾਰੀਂ ਨਾ॥
ਪੰਜਵਾਂ ਹੈ ਭੱਬਾ ਧੀਏ ਭਲਿਆਈ ਦਾ॥
ਮਿੱਠਾ ਬੋਲਕੇ ਹੀ ਸਦਾਂ ਮਾਣ ਪਾਈ ਦਾ॥
ਫਿੱਕੇ ਬੋਲ ‘ਸੱਤਿਆ’ ਵੇ ਤੂੰ ਉਚਾਰੀਂ ਨਾ॥
ਪੰਜ ਭੱਬੇ ਧੀਏ ਮੰਨ ਚੋਂ ਵਸਾਰੀਂ ਨਾ॥