ਪੰਜ ਸੌ ਪੰਜਾਹ ਵਰ੍ਹੇ ਦਾ

ਪੰਜ ਸੌ ਪੰਜਾਹ ਵਰ੍ਹੇ ਦਾ ਦਿਨ ਮਨਾਈਏ ਸੰਗਤੇ

ਝੋਲੀਆਂ ਨਾਨਕ ਦੇ ਦਰ ਤੋਂ ਭਰ ਲਿਆਈਏ ਸੰਗਤੇ।

ਸਤਗੁਰਾਂ ਦਾ ਆਗਮਨ ਦਿਨ ਅੱਜ ਮੁਬਾਰਕ ਗਿਆ

ਨਾਨਕੀ ਦੇ ਵੀਰ ਦੇ ਦੀਦਾਰ ਪਾਈਏ ਸੰਗਤੇ।

ਨਾਮ ਜਪਣਾ, ਵੰਡ ਛਕਣਾ, ਕਿਰਤ ਕਰਨਾ, ਧਰਮ ਹੈ

ਗੁਰ ਦੇ ਇਸ ਉਪਦੇਸ਼ ਨੂੰ ਆਉ ਕਮਾਈਏ ਸੰਗਤੇ।

ਕਰਮ ਕਾਂਢਾਂ, ਵਹਿਮ ਭਰਮਾਂ, ਵਿੱਚ ਫਸੀ ਹੈ, ਜ਼ਿੰਦਗੀ

ਗੁਰ ਬਿਨਾਂ ਹੈ ਘੁੱਪ ਹਨੇਰਾ ਸਿਰ ਨਿਵਾਈਏ ਸੰਗਤੇ।

ਹਿੰਦੂ, ਮੁਸਲਿਮ, ਸਿੱਖ, ਇਸਾਈ, ਰੱਬ ਦੇ ਜੀ ਤੇ ਜਾਨ ਹਨ

ਇਕ ਪਿਤਾ ਦੇ ਸਭ ਹਾਂ ਬੱਚੇ ਕਿਉਂ ਭੁਲਾਈਏ ਸੰਗਤੇ।

ਭੂਮੀਏ, ਕੌਡੇ, ਸੱਜਣ ਠੱਗਾਂ, ਦੀ ਨੇਰ੍ਹੀ ਰਾਤ ਹੈ

ਜੋਦੜੀ ਕਰ ਸਤਗੁਰਾਂ ਨੂੰ ਫਿਰ ਬੁਲਾਈਏ ਸੰਗਤੇ।

ਵੇਖ ਸਾਧੂ ਸੰਤ ਭੁੱਖੇ ਰੱਜ ਖਲਾਇਆ ਸਤਗੁਰਾਂ

ਲੋੜਵੰਦਾ ਨੂੰ ਚਲੋ ਲੰਗਰ ਛਕਾਈਏ ਸੰਗਤੇ।

ਸ਼ਬਦ ਗੁਰ, ਧੁਨ ਸੁਰਤ, ਚੇਲਾ, ਭੇਦ ਬਾਬੇ ਖੋਲਿਆ

ਸ਼ਬਦ ਵਿੱਚ ਲਿਵਲੀਨ ਹੋ ਵਿਸਮਾਦ ਪਾਈਏ ਸੰਗਤੇ।

ਓਸ ਨਹੀਂ ਮੰਦਾ ਕਹੀਦਾ ਜੋ ਜੰਮੇ ਰਾਜਾਨ ਜੀ

ਆਬਰੂ ਅਬਲਾ ਦੀ ਜ਼ਾਲਮ ਤੋਂ ਬਚਾਈਏ ਸੰਗਤੇ।

ਕੱਢਿਆ ਸੀ ਜਾਤਾਂ ਪਾਤਾਂ ਦੇ ਜਨੂ ’ਚੋਂ ਸਤਗੁਰਾਂ

ਵੈਰ ਛੱਡ, ਛੱਡ ਨਫ਼ਰਤਾਂ ਨੂੰ, ਇਕ ਹੋ ਜਾਈਏ ਸੰਗਤੇ।

ਕੀਰਤਨ ‘ਉੱਪਲ’ ਗੁਰਾਂ ਦੀ ਇਕ ਅਮੋਲਕ ਦਾਤ ਹੈ

ਹੋ ਇਕੱਠੇ, ਧੁਰ ਕੀ ਬਾਣੀ, ਰੋਜ਼ ਗਾਈਏ ਸੰਗਤੇ।

📝 ਸੋਧ ਲਈ ਭੇਜੋ