ਪੰਜ ਸੀਹਰਫ਼ੀਆਂ ਹੈਦਰ ਆਖੀਆਂ

ਪੰਜ ਸੀਹਰਫ਼ੀਆਂ ਹੈਦਰ ਆਖੀਆਂ,

ਪੰਜੇ ਗੰਜ ਮਆਨੀ ਦੇ ਨੇ

ਵਾਂਗ ਹਰੂਫ ਮੁਕੱਤਾ, ਦੇ ਇਹ,

ਰਾਜ਼ ਰਮੂਜ਼ ਨਿਹਾਨੀ ਦੇ ਨੇ

ਜਾਹਲਾਂ ਨੂੰ ਏਥੇ ਬਾਰ ਨਹੀਂ,

ਇਹ ਸਿੱਰ ਹਕਾਇਕਦਾਨੀ ਦੇ ਨੇ

ਇਹ ਗੁੱਝੀਆਂ ਰਮਜ਼ਾਂ ਇਸ਼ਕੇ ਵਾਲੀਆਂ,

ਮਾਨੀ ਹਰੂਫ ਮਆ'ਨੀ ਦੇ ਨੇ

ਇਹ ਹਿੰਦਸਾ ਵੇਖਕੇ ਭੁੱਲ ਨਹੀਂ,

ਇਹ ਕੌਲ ਜਲਾਲ ਦੀਵਾਨੀ ਦੇ ਨੇ

ਇਹ ਗੱਲਾਂ ਜ਼ੁਲੈਖਾਂ ਵਾਲੀਆਂ ਨੇ,

ਅਤੇ ਇਹ ਕਿੱਸੇ ਭੀ ਯੂਸਫ ਸਾਨੀ ਦੇ ਨੇ

ਇਹ ਦੋਹੜੇ ਵੇਖਕੇ ਭੁੱਲ ਨਹੀਂ,

ਇਹ ਕਾਸਿਦ ਦਿਲਬਰ ਜਾਨੀ ਦੇ ਨੇ

ਇਹ ਸ਼ਾਰਹ ਕੌਲ ਅਨਲਹਕ ਦੇ,

ਅਤੇ ਮਾਨੀਂ ਭੀ ਆ'ਜ਼ਮ ਸਾਨੀ ਦੇ ਨੇ

ਇਹ ਗਾਹਲੀਂ ਜ਼ੁਲਫ਼ ਤੇ ਪੀਰੀ ਦੀਆਂ,

ਅਤੇ ਸ਼ੁਅਲੇ ਭੀ ਇਸ਼ਕ ਜਵਾਨੀ ਦੇ ਨੇ

ਇਹ ਗੁੱਝੜੇ ਹਾਸੇ ਲਾਲ ਲਬਾਂ ਦੇ,

ਤੇ ਗਮਜ਼ੇ ਨਿਗ੍ਹਾ ਮਸਤਾਨੀ ਦੇ ਨੇ

ਇਹ ਸੋਹਣੇ ਰਾਹ ਖੁਦਾ ਦੇ ਨੇ,

ਅਤੇ ਬਾਇਸ ਅਮਨ ਅਮਾਨੀ ਦੇ ਨੇ

ਇਹ ਤੋਸ਼ੇ ਮੰਜ਼ਲ ਉਕਬਾ ਦੇ,

ਅਤੇ ਪਰਚੇ ਭੀ ਦੁਨੀਆਂ ਫਾਨੀ ਦੇ ਨੇ

ਇਹ ਨਾਤਾਂ ਜੋ ਸਭ ਮੁਹੰਮਦ ਵਾਲੀਆਂ

ਹਮਦ ਖੁਦਾ ਸਬਹਾਨੀ ਦੇ ਨੇ

ਇਹ ਵਾਲ ਕੁਨੋਂ ਬਾਰੀਕ ਬਹੂੰ

ਸ਼ਾਹਦ ਮੁਮਿਆਨੀ ਦੇ ਨੇ

ਇਹ ਵਲ ਵਲ ਪੇਚ ਤੇ ਤਾਬ ਜੋ ਖਾਂਦੇ,

ਸ਼ਾਹਿਦ ਤੰਗ ਦਹਾਨੀ ਦੇ ਨੇ

ਇਹ ਕੁਲ ਕੁਲ ਸ਼ੀਸ਼ੇ ਸ਼ਰਾਬ ਦੇ ਤੇ

ਇਹ ਹਾ ਹੂ ਬਜ਼ਮ ਸ਼ਾਹਾਨੀ ਦੇ ਨੇ

ਇਹ ਘਿੰਨ ਪਿਆਲਾ ਤੇ ਦੇਵੇ ਸਾਕੀ,

ਬਹੁੰ ਮਿੱਠੇ ਮੈਂਡੇ ਹਾਣੀ ਦੇ ਨੇ

ਇਹ ਛਣ ਛਣ ਚੂੜੇ ਤੇ ਨੇਵਰ ਦੀ,

ਅਤੇ ਹੈਵਰ ਉਸ ਮਨਭਾਣੀ ਦੇ ਨੇ

ਇਹ ਨੇਹੁੰ ਥੀਆ ਕੋਚਨੀਆਂ ਮੂੰਹ

ਸੁੰਦਰ ਅਤੇ ਮੂੰਹ ਜਾਨੀ ਦੇ ਨੇ

ਇਹ ਤਲਾ ਦੇ ਤਾਲ ਤੇ ਛਣ-ਛਣ-ਛਣ

ਛਣ ਪਾਉਂਦੇ ਜ਼ਾਲਿਮ ਆਨੀ ਦੇ ਨੇ

ਇਹ ਘੂਕਦੇ ਘੁੰਗਰੂ ਲਾਟੂ ਵਾਂਗੂੰ

ਫੇਰਿਆਂ ਤੇ ਕਰਵਾਨੀ ਦੇ ਨੇ

'ਹਾਏ ਪੀਆ ਮੋਰਾ ਜੀਉ ਗਇਆ,'

ਇਹ ਧੁਰਪਤ ਮੁਤਰਬ ਆਨੀ ਦੇ ਨੇ

'ਨ ਵਲ ਸਾਈਂ ਥੀਉ ਪਰੇ,'

ਇਹ ਨਾਜ਼ ਪਰੀ ਮੁਲਤਾਨੀ ਦੇ ਨੇ

'ਕੌਣ ਬਲਾ ਕਿਸੇ ਦੇਸ ਕਾ ਥਾ ਯੇਹ,'

ਕਹੀਏ ਹਿੰਦੁਸਤਾਨੀ ਦੇ ਨੇ

'ਕੀਮਤ ਬਜ਼ੁਲਫਮ ਦਸਤ ਜ਼ਨਦ,'

ਇਹ ਸ਼ੋਖ ਸੁਖਨ ਮੁਗਲਾਨੀ ਦੇ ਨੇ

'ਇਜ਼ਹਬ ਅੰਤਾ ਇਲਾ ਮਨ ਤਹਵਾ,'

ਨੇਕ ਸੁਖਨ ਇਬਰਾਨੀ ਦੇ ਨੇ

'ਵੱਡਾ ਹੋਵੇਂ ਮੈਨੂੰ ਹੱਥ ਲਾਈਂ,'

ਇਹ ਮਾਨ ਜੱਟੀ ਚੂਚਕਾਨੀ ਦੇ ਨੇ

' ਛੋੜ ਦੇ ਨੀਂਗਰ ਇਆਣਾ ਤੂੰ,

ਮੈਂਡੇ ਦਿਲੇ ਦਾ ਅਲੀ', ਪਹਾੜਨੀ ਦੇ ਨੇ

ਸੁਰਖ ਅਖੀਂ ਰੰਗ ਜ਼ਰਦ ਹਮੇਸ਼ਾ,

ਇਹ ਅਹਵਾਲ ਰੰਜਾਨੀ ਦੇ ਨੇ

ਛਣ ਛਣ ਚੂੜਾ ਤੇ ਘਮ ਘਮ ਚਾਟੀ,

ਇਹ ਘੁੰਮਕਾਰ ਮਧਾਣੀ ਦੇ ਨੇ

ਅਲੀ ਹੈਦਰ ਜੇ ਹੱਥ ਮੱਖਣ ਆਵੇ,

ਤਾਂ ਮਤਲਬ ਏਸ ਨਿਮਾਣੀ ਦੇ ਨੇ

📝 ਸੋਧ ਲਈ ਭੇਜੋ