ਮੇਰੀਆਂ ਪੰਜੇਬਾਂ ਦੇ ਘੁੰਗਰੂਆਂ ਨੇ ਐਸੀ ਚੁੱਪ ਵੱਟੀ ।
ਪੈਰਾਂ ਨਾਲ ਲੱਗੇ ਤੇ ਬਿਆਈਆਂ ਪਾੜ ਦਿੱਤੀਆਂ ।
ਨੱਚ ਕੇ ਧਮਾਲਾਂ ਕਦੇ ਪਾਉਂਦੇ ਸੀ ਤੀਆਂ ਦੇ ਮੇਲੇ ।
ਇਸ਼ਕ ਜਾਮ ਰੂਪ ਦੀਆਂ ਸੁਰਾਹੀਆਂ ਸਾੜ ਦਿੱਤੀਆਂ ।
ਸੱਜਣਾ ਨੂੰ ਤੱਕ ਕਦੇ ਛਣਕਦੇ ਸੀ ਛਣ ਛਣ ।
ਬੋਲ਼ੇ ਹੋਗੇ ਪਿਆਰ ਨੇ ਤਬਾਹੀਆਂ ਜਦੋਂ ਕੀਤੀਆਂ ।
ਤਹਿਜ਼ੀਬ ਨਾਲ ਸੁਰ ਛੇੜਦੇ, ਸੱਜਣਾ ਦੇ ਪੈਰ ਛੋਹ ਕੇ ।
ਜਿੰਨਾਂ ਲਈ ਪੈਰੀਂ ਪਏ, ਉਹਨਾਂ ਕਦਰਾਂ ਨਾ ਕੀਤੀਆਂ ।
ਲੋਕੀਂ ਪੁੱਛਣ ਸ਼ਕੁੰਤਲਾ ਦੇ ਬੋਰ ਕਿਉਂ ਗੂੰਗੇ ਹੋਗੇ ।
ਦੱਸੀਏ ਕੀ ਇਹਨਾਂ ਨਾਲ ਕੀ ਕੀ ਨੇ ਬੀਤੀਆਂ ।
ਖੌਰੇ ਕਦੇ ਪਿਆਰ ਦੀ ਸਵੱਲੀ ਪੈ ਜੇ ਨਜ਼ਰ ਇਹਨਾਂ ।
ਆਸ, ਘੁੰਗਰੂ ਪਵਾ ਦਿਓ 'ਸਰਬ' ਵੇਖ ਝਾਂਜਰਾਂ ਤ੍ਰਿਪਤੀਆਂ ।