ਇਸ ਪੰਜਟੰਗੀ ਦੌੜ 'ਚ ਮੈਂ ਸ਼ਾਮਲ ਨਹੀਂ ਹੋਣਾ
ਪੰਚਾਂ ਨੇ ਤਾਂ ਆਪਣੀ ਟੰਗ ਅਸੀਲੀ ਹੋਈ
ਸਦਾ ਵਿਸਲ ਦੀ ਇੰਤਜ਼ਾਰ ਵਿਚ
ਦੌੜਣ ਲਈ ਤਈਆਰ ਲੀਕ 'ਤੇ ਰਹੇ ਖਲੋਤੀ
ਇਕ ਲੀਕ ਤੋਂ ਦੂਜੀ ਤੀਕਰ ਇਹਦਾ ਸਫ਼ਰ ਹੈ
ਮਾਚਸ-ਡੁੱਬੀ ਜਿਤਨੇ ਲੰਮੇ
ਏਸ ਸਫ਼ਰ ਤੋਂ ਮੈਂ ਕੀ ਲੈਣਾ
ਅਪਣੇ ਸਿਰ ਵਿਚ ਠੰਡੀ ਅੱਗ ਨੂੰ ਘੂਕ ਸੁਆ ਕੇ
ਤੀਲਾਂ ਵਿਚ ਇਕ ਤੀਲੀ ਬਣ ਕੇ
ਮੈਂ ਨਹੀਂ ਰਹਿਣਾ
ਲੇਬਲ ਵਾਲੀ ਡੱਬੀ ਅੰਦਰ