ਪੰਛੀ ਤਾਂ ਉਡ ਗਏ ਨੇ
ਰੁੱਖ ਵੀ ਸਲਾਹਾਂ ਕਰਨ:
ਚਲੋ ਏਥੋਂ ਚੱਲੀਏ
ਘਰ ਘਰ ਪੁੱਤ ਕਹਿਣ:
ਛੱਡ ਬਾਪੂ ਹੁਣ ਕੀ ਏ ਰੱਖਿਆ ਜ਼ਮੀਨ ਵਿਚ
ਵੇਚ ਕੇ ਸਿਆੜ ਚਾਰ
ਕਰ ਕੇ ਜੁਗਾੜ ਕੋਈ
ਚੱਲ ਏਥੋਂ ਚੱਲੀਏ
ਤੂੰ ਨੀ ਸੁਣੇ, ਟਿਕੀ ਰਾਤੇ
ਪਿੰਡ ਦੇ ਉਜਾੜਾਂ ਵਿਚ
ਮੋਏ ਕਿਰਸਾਨ ਸਾਰੇ
ਏਹੀ ਵਿ੍ਰਦਗਾਨ ਗਾਉਂਦੇ
ਚਲੋ ਏਥੋਂ ਚੱਲੀਏ
ਏਹੀ ਹੈ ਵ੍ਰਿੰਦਗਾਨ
ਏਹੀ ਹੈ ਸਮੂਹ-ਗਾਨ
ਚਲੋ ਏਥੋਂ ਚੱਲੀਏ
ਇਹ ਜਿਹੜੇ
ਨਸ਼ਿਆਂ ਦੇ ਉਡਣ-ਖਟੋਲੇ ਵਿਚ ਬੈਠ ਜਾਂਦੇ
ਓਨ੍ਹਾਂ ਨੇ ਵੀ
ਬੱਸ ਏਥੋਂ ਜਾਣ ਦਾ ਹੀ ਰਾਹ ਜਾਣੀਂ ਲੱਭਿਆ
ਤੇ ਇਹ ਜਿਹੜੇ ਕੁੱਖਾਂ ਵਿਚ
ਨਸ਼ਤਰਾਂ ਦੀ ਭਾਸ਼ਾ ਵਿਚ
ਧੀਆਂ ਨੂੰ ਸੁਨੇਹਾ ਦਿੰਦੇ
ਉਹ ਵੀ ਏਹੋ ਆਖਦੇ ਨੇ:
ਏਥੇ ਕਿੱਥੇ ਆ ਗਈਆਂ
ਏਥੇ ਆ ਕੇ ਕੀ ਲੈਣਾਂ
ਤੁਹਮਤਾਂ ਤੇ ਲਾਹਨਤਾਂ
ਵਹਿਸ਼ਤਾਂ ਤੇ ਸ਼ਹਿਵਤਾਂ
ਦਾਗ ਲੈਣ ਦੁੱਖ ਦੇ
ਜਨਾਹ ਦੇ ਤੇਜ਼ਾਬ ਦੇ?
ਜਾਓ ਜਾਓ
ਚਲੇ ਜਾਓ
ਏਥੇ ਆ ਕੇ ਕੀ ਲੈਣਾਂ
ਜਿਹੜੇ ਏਥੇ ਆਏ ਹੋਏ
ਉਹ ਤਾਂ ਅੱਗੇ ਆਖਦੇ ਨੇ:
ਚਲੋ ਏਥੋਂ ਚੱਲੀਏ
ਏਹੀ ਏਥੇ ਤਾਲ ਹੈ
ਤੇ ਏਹੀ ਏਥੇ ਰਾਗ ਹੈ
ਏਹੀ ਹੈ ਵ੍ਰਿੰਦਗਾਨ
ਏਹੀ ਹੈ ਸਮੂਹ-ਗਾਨ
ਹੈ ਕੋਈ ਕਵੀ ਏਥੇ
ਹੈ ਕੋਈ ਗਮੰਤਰੀ
ਸਾਜ਼ੀਆਂ ਦੀ ਟੋਲੀ ਕੋਈ
ਹੈ ਕੋਈ ਸੰਗੀਤਕਾਰ
ਜਿਹੜਾ ਹੋਰ ਰਾਗ ਛੇੜੇ
ਮੇਰੀ ਏਸ ਧਰਤ ਤੇ ਹਲੇਮੀ ਰਾਜ ਕਾਇਮ ਹੋਵੇ
ਬੇਗਮਪੁਰੇ ਦਾ ਰੂਪ
ਧਰਤ ਮੇਰੀ ਹੋ ਜਾਏ
ਕੋਈ ਨਾ ਰਞਾਣੇ ਕਿਸੇ
ਕਹੇ ਨਾ ਕੋਈ ਵੀ ਏਥੇ
ਚਲੋ ਏਥੋਂ ਚੱਲੀਏ।
ਹਰ ਕੋਈ ਏਹੀ ਆਖੇ:
ਅਸੀਂ ਏਥੇ ਵੱਸਣਾ
ਅਸੀਂ ਏਥੇ ਵੱਸਣਾ
ਅਸੀਂ ਏਸ ਧਰਤ ਨੂੰ ਬਣਾਉਣਾ ਏ ਵਸਣਯੋਗ
ਰਸਣਯੋਗ
ਹੈ ਕੋਈ ਕਵੀ ਏਥੇ
ਹੈ ਕੋਈ ਗਮੰਤਰੀ
ਸਾਜ਼ੀਆਂ ਦੀ ਟੋਲੀ ਕੋਈ
ਹੈ ਕੋਈ ਸੰਗੀਤਕਾਰ?