ਉੱਚੀਆਂ ਉੱਚੀਆਂ ਚਹੁੰ ਕੰਧਾਂ ਦੀ
ਤੰਗ ਜਿਹੀ ਇਕ ਵਲਗਣ
ਅੱਗੇ ਮੋਟੀਆਂ ਲੋਹ-ਸੀਖਾਂ ਦਾ
ਛੋਟਾ ਜਿਹਾ ਦਰਵਾਜ਼ਾ
ਬਾਹਰੋਂ ਜੰਦਰਾ ਵੱਜਾ
ਜੇਲ੍ਹ ਦੇ ਅੰਦਰ ਜੇਲ੍ਹ ਜਿਹੀ ਹੈ।
ਇਸ ਵਿੱਚ ਬੰਦ ਕੀਤਾ ਹੈ ਮੈਨੂੰ
ਉਨ੍ਹਾਂ ਨੇ, ਜਿਨ੍ਹਾਂ ਲਈ ਬਣਿਆਂ
ਅੱਜ ਸਮਾਂ ਖ਼ਤਰੇ ਦੀ ਝੰਡੀ
ਜਿਨ੍ਹਾਂ ਨੂੰ ਇਸਦਾ ਪ੍ਰਛਾਵਾਂ
ਸਾਡੀਆਂ ਅੱਖਾਂ ਵਿਚੋਂ ਦਿਸਦਾ।
ਭੁੱਖਾਂ ਮਾਰੇ ਏਸ ਦੇਸ਼ ਵਿਚ
ਕਿਰਤਾਂ ਦੇ ਮੂੰਹੋਂ ਅੰਨ ਖੋਹ ਕੇ
ਕੁਝ ਲੋੜ ਵਧ ਰੱਜੇ ਬੰਦੇ
ਸ਼ਾਮ ਸਵੇਰੇ ਸਾਨੂੰ ਦਿੰਦੇ
ਗੱਤੇ ਵਰਗੀਆਂ ਤਿੰਨ ਰੋਟੀਆਂ
ਤੇ ਗੰਧਲੇ ਪਾਣੀ ਜਿਹੀ
ਇਕ ਦਾਲ ਦੀ ਕੌਲੀ।
ਮੈਂ ਕੱਲਾ ਹਾਂ ਇਸ ਵਲਗਣ ਵਿਚ
ਮੇਰੇ ਕੋਲ ਨਾ ਕੋਈ
ਮੇਰਾ ਮਿੱਤਰ ਸਾਥੀ
ਪਰ ਮੈਂ ਕੱਲਾ ਖਾਣ ਨਾ ਜਾਣਾਂ।
ਆਓ ਪੰਛੀਓ ! ਰਲ ਕੇ ਖਾਈਏ
ਸਾਦ ਮੁਰਾਦੀ ਰੋਟੀ ਖ਼ਾਤਰ
ਕਰੋ ਕਬੂਲ ਇਕ ਨਿੱਘੇ
ਮਿੱਤਰ-ਦਿਲ ਦਾ ਸੱਦਾ।
ਆਓ ਨੀ ਚਿੜੀਓ ! ਆਓ ਕਬੂਤਰੋ !
ਆਪਣੀਆਂ ਨਿੱਕੀਆਂ ਹਵਾਈ ਛਤਰੀਆਂ
ਤਾਣ ਕੇ ਹੇਠਾਂ ਉਤਰ ਆਵੋ,
ਤੁਸੀਂ ਸੁਤੰਤਰ ਪੌਣ ਦੇ ਵਾਸੀ ਕ
ਹਿ ਸਕਦਾ ਹੈ ਕਿਹੜਾ ਮੂਰਖ
‘ਦੁਸ਼ਮਣ ਦੇ ਏਜੰਟ’ ਤੁਹਾਨੂੰ।
ਹੱਥਾਂ ਨਾਲ ਕੁਤਰ ਕੇ ਰੱਖੀ
ਤੁਹਾਡੇ ਰੱਜਣ ਜੋਗੀ ਰੋਟੀ
ਚੁੰਝ ਫਸਾ ਕੇ, ਖੰਭ ਭਿੜਾ ਕੇ
ਕਿਉਂ ਲੜਦੇ ਹੋ ਬੱਚਿਆਂ ਵਾਂਗੂ
ਭਾਵੇਂ ਤੁਸੀਂ ਇਉਂ ਕਰਦੇ ਵੀ
ਮੈਨੂੰ ਡਾਢੇ ਚੰਗੇ ਲੱਗਦੇ।
ਪਰ ਨਹੀਂ ਦੇਣੀ ਦਾਲ ਤੁਹਾਨੂੰ
ਇਸ ਦੀ ਚੰਦਰੀ ਛੋਹ ਤੋਂ
ਨਿੱਕੀਆਂ ਨਿੱਕੀਆਂ ਜੀਭਾਂ
ਗਾਉਣਾ ਨਾ ਭੁੱਲ ਜਾਵਣ ਕਿਧਰੇ।
ਮੇਰਾ ਸ਼ਾਇਰ ਦਿਲ, ਦੋਸਤੋ।
ਬੱਚਿਆਂ ਦਾ, ਫੁੱਲਾਂ ਦਾ
ਤੇ ਗੀਤਾਂ ਦਾ ਆਸ਼ਕ
ਇਨ੍ਹਾਂ ਦੇ ਪਲ੍ਹਣ ਲਈ ਜੂਝੇ।