ਸ਼ਾਮ ਢਲੇ ਤੋਂ
ਉਹ ਸੰਘਣੇ ਰੁੱਖਾਂ ਕੋਲ ਆਉਂਦਾ
ਸਾਈਕਲ ਤੋਂ ਉੱਤਰ ਕੇ
ਹੈਂਡਲ ਨਾਲੋਂ ਝੋਲਾ ਲਾਹੁੰਦਾ
ਘੰਟੀ ਵਜਾਉਂਦਾ
ਘੰਟੀ ਦੀ ਟਨਾ ਟਨ ਸੁਣ ਕੇ
ਬਿਰਖਾਂ ਤੋਂ ਉੱਡਦੇ
ਨਿੱਕੇ ਨਿੱਕੇ ਪੰਛੀ ਆਉਂਦੇ
ਉਸਦੇ ਸਿਰ ਤੇ
ਕੁਝ ਉਸਦੇ ਮੋਢਿਆਂ ਤੇ ਬਹਿ ਜਾਂਦੇ
ਕੁਝ ਸਾਈਕਲ ਦੇ ਹੈਂਡਲ ਉੱਤੇ
ਜਿਵੇਂ ਦਾਅਵਤ ਖਾਣ ਲਈ
ਆਣ ਸਜਦੇ ਸ਼ਾਹੀ ਮਹਿਮਾਨ
ਉਹ ਆਪਣੇ ਝੋਲੇ ਵਿੱਚੋਂ
ਦਾਣਿਆਂ ਦੀ ਇੱਕ ਮੁੱਠ ਕੱਢਦਾ
ਆਪਣੀ ਹਥੇਲੀ ਖੋਹਲਦਾ
ਪੰਛੀ ਉਸਦੇ ਹੱਥਾਂ ਤੇ ਬੈਠ ਕੇ
ਦਾਣਾ ਚੁਗਣ ਲੱਗਦੇ
ਚਹਿਚਹਾਉਂਦੇ
ਉਸਦੇ ਹੱਥ ਉਹਨਾਂ ਲਈ
ਪਲੇਟਾਂ ਜਿਵੇਂ
ਸ਼ਾਹੀ ਦਾਅਵਤ ਵਾਲੀਆਂ
ਸੋਨੇ ਚਾਂਦੀ ਦੀਆਂ
ਚੋਗਾ ਚੁਗ ਕੇ
ਪੰਛੀ ਉੱਡ ਜਾਂਦੇ
ਉਹ ਆਦਮੀ ਖਾਲੀ ਝੋਲਾ
ਹੈਂਡਲ ਤੇ ਲਟਕਾਉਂਦਾ
ਘੰਟੀ ਵਜਾਉਂਦਾ
ਚਲਾ ਜਾਂਦਾ
ਹੈਰਾਨ ਹੁੰਦਾ ਦੇਖ ਕੇ ਮੈਂ
ਪੰਛੀਆਂ ਦੀ ਇਹ ਅਨੋਖੀ ਦਾਅਵਤ
ਕਿੰਨਾ ਸੁਖ਼ਦ ਅਹਿਸਾਸ ਹੈ
ਅਜਿਹੇ ਸਮਿਆਂ ਵਿੱਚ
ਪੰਛੀਆਂ ਨੂੰ ਚੋਗ ਚੁਗਾਉਣਾ
ਪਰ ਪੰਛੀਆਂ ਨੂੰ
ਤਲੀਆਂ ਤੇ ਚੋਗ ਚੁਗਾਉਣ ਲਈ
ਪਹਿਲਾਂ ਆਪ ਪੰਛੀਆਂ ਵਰਗਾ
ਪੈਂਦਾ ਹੈ ਹੋਣਾ।