ਖੇਰੂੰ ਖੇਰੂੰ ਹੈ ਦਾਤਿਆ ਪੰਥ ਤੇਰਾ,
ਜਿਹਦੇ ਲਈ ਸਰਬੰਸ ਤੂੰ ਵਾਰ ਦਿੱਤਾ।
ਰਾਹ ਲੱਭਦਾ ਨਹੀਂ ਕੋਈ ਆਗੂਆਂ ਨੂੰ,
ਰਾਹ ਤੇਰਾ ਹੈ ਇਨ੍ਹਾਂ ਵਿਸਾਰ ਦਿੱਤਾ।
ਕੱਢੀ ਤੇਗ ਮਿਆਨੋਂ ਤੇ ਸੋਚ ਉਲਝੀ,
ਸੋਚਾਂ ਸੋਚਾਂ ਨੇ ਸਾਨੂੰ ਹੈ ਮਾਰ ਦਿੱਤਾ।
ਗਰਮੋ ਗਰਮੀ ਭਰਾਵਾਂ 'ਚ ਹੋਈ ਐਸੀ,
ਰਾਜਨੀਤੀਆਂ ਪੰਥ ਨੂੰ ਵਿਸਾਰ ਦਿੱਤਾ।
ਇਕ ਤੂੰ ਤੇ ਇਕ ਹੈ ਪੰਥ ਤੇਰਾ,
ਰੋਜ਼ ਦਲ ਦਲ ਅੰਦਰ ਧੱਸੀ ਜਾਂਦੇ।
ਅਸੀਂ ਖੁੰਝ ਗਏ ਤੇਰੇ ਨਿਸ਼ਾਨਿਆਂ ਤੋਂ,
ਤਾਹੀਓਂ ਭੰਵਰਾਂ ਦੇ ਵਿੱਚ ਹਾਂ ਫੱਸੀ ਜਾਂਦੇ।
ਉਸਰੀ ਕੰਧ ਹੈ ਜਿਹੜੀ ਸਰਹੰਦ ਅੰਦਰ,
ਉਸ ਕੰਧ ਨੂੰ ਆਪ ਹੀ ਢਾਹ ਰਹੇ ਹਾਂ।
ਗੋਡੀ ਨਫ਼ਰਤ ਨੇ ਦਿਲਾਂ ਵਿੱਚ 'ਜਹੀ ਕੀਤੀ,
ਫ਼ਸਲ ਮੌਤ ਦੀ ਖ਼ੂਨੀ ਲਾ ਰਹੇ ਹਾਂ।
ਪਈਆਂ ਗੰਢਾਂ ਨੂੰ ਅਸੀਂ ਨਹੀਂ ਖੋਲ੍ਹ ਸਕਦੇ,
ਹੋਰ ਨਿਤ ਨਵੀਆਂ ਗੰਢਾਂ ਪਾ ਰਹੇ ਹਾਂ।
ਅਕਾਲ ਤਖ਼ਤ ਵਲ ਉੱਠਦੇ ਨਹੀਂ ਕਦਮ ਸਾਡੇ,
ਦੌੜ ਦੌੜ ਕੇ ਦਿੱਲੀ ਵੱਲ ਜਾ ਰਹੇ ਹਾਂ।
ਪਹਿਲਾਂ ਅਕਾਲ ਤਖ਼ਤ ਸਾਡਾ ਢਾਅ ਦਿੱਤਾ,
ਹਸਤੀ ਇਬਾਦਤ ਦੀ ਹੁਣ ਢਹਿ ਗਈ ਏ।
ਅਸੀਂ ਜ਼ੁਲਮ ਨੂੰ ਸੱਦੇ ਨੇ ਆਪ ਦਿੱਤੇ,
ਆਬ ਕਿੱਥੇ ਅਸਥਾਨਾਂ ਦੀ ਰਹਿ ਗਈ ਏ।
ਹੋ ਗਈ ਕੁਰਸੀ ਪਿਆਰੀ ਹੈ ਅਣਖ ਨਾਲੋਂ,
ਤਾਹੀਓਂ ਪੰਥ ਦੇ ਟੁਕੜੇ ਹਜ਼ਾਰ ਹੋ ਗਏ।
ਲੜ ਛੱਡ ਕੇ ਗੁਰੂ ਗ੍ਰੰਥ ਜੀ ਦਾ,
ਗੁਰੂ ਡੰਮ ਦਾ ਸਿੰਘ ਸ਼ਿਕਾਰ ਹੋ ਗਏ।
ਆਨ ਖ਼ਾਲਸੇ ਦੀ, ਗੌਰਵ ਖ਼ਾਲਸੇ ਦਾ,
ਕਲਗੀ ਵਾਲਿਆ ਢਹਿੰਦਾ ਢਹਿੰਦਾ ਢਹਿ ਰਿਹਾ ਏ।
ਆਪੋ ਵਿੱਚ ਲੜ ਲੜ ‘ਜਹੇ ਹੋਏ ਜ਼ਖਮੀਂ
ਖ਼ੂਨ ਵਹਿੰਦਾ ਵਹਿੰਦਾ ਵਹਿ ਰਿਹਾ ਏ।
ਰਾਜਨੀਤੀ ਦੀ ਭਾਸ਼ਾ ਹੁਣ ਪੜ੍ਹੋ ਸਿੰਘੋ,
ਸਮਾਂ ਅਜੇ ਵੀ ਕਹਿੰਦਾ ਕਹਿੰਦਾ ਕਹਿ ਰਿਹਾ ਏ।
ਅਜਿਹੀ ਸੱਟ ਕਲੇਜੇ ਵਿੱਚ ਆਣ ਵੱਜੀ,
ਦਰਦ ਪੰਥ ਸਹਿੰਦਾ ਸਹਿੰਦਾ ਸਹਿ ਰਿਹਾ ਏ।
ਐਨੀ ਦਿੱਤੀ ਕੁਰਬਾਨੀ ਹੈ ਖ਼ਾਲਸੇ ਨੇ,
ਲੋੜ ਰਹੀ ਨਹੀਂ ਹੋਰ ਕੁਰਬਾਨੀਆਂ ਦੀ।
ਕਲਗੀ ਵਾਲਿਆ ਲਾਜ ਬਚਾ ਸਾਡੀ,
ਸਜ਼ਾ ਪਾਈ ਹੈ ਬਹੁਤ ਨਾਦਾਨੀਆਂ ਦੀ।
ਕਲਗੀ ਵਾਲਿਆ ਪੰਥ ਨੂੰ ਕਰ ਇਕੱਠਾ,
ਇੱਕ ਲੀਡਰ ਤੇ ਇੱਕ ਨਿਸ਼ਾਨ ਦੇ ਦੇ।
ਕੁਰਸੀ ਖ਼ਾਤਰ ਬੇਦਾਵੇ ਨੇ ਜਿਨ੍ਹਾਂ ਦਿੱਤੇ,
ਬੇਦਾਵੇ ਪਾੜ ਤੇ ਨਵੇਂ ਫ਼ਰਮਾਨ ਦੇ ਦੇ।
ਬਖਸ਼ਣਹਾਰ ਤੂੰ ਬਖ਼ਸ਼ ਅਵਗੁਣਾਂ ਨੂੰ,
ਆਪਣੇ ਦਿਲ ਵਿੱਚ ਫੇਰ ਅਸਥਾਨ ਦੇ ਦੇ।
ਕਿਵੇਂ ਜਿੱਤੀਏ ਬਾਜ਼ੀ ਹੁਣ ਸਮੇਂ ਕੋਲੋਂ,
ਸੱਚੇ ਪਾਤਸ਼ਾਹ ਐਸਾ ਗਿਆਨ ਦੇ ਦੇ।
ਪੰਥ ਰਵ੍ਹੇ ਸਦਾ ਚੜ੍ਹਦੀ ਕਲਾ ਅੰਦਰ,
ਛਿੱਟੇ ਅੰਮ੍ਰਿਤ ਦੇ ਮਾਰ ਨਿਹਾਲ ਕਰ ਦੇ।
ਖੋਹ ਸਕੇ ਨਾ ਸਮੇਂ ਦੀ ਕੋਈ ਸ਼ਕਤੀ,
ਭਗਤੀ ਸ਼ਕਤੀ ਅੰਦਰ ਮਾਲਾ ਮਾਲ ਕਰ ਦੇ।