ਕੈਸਪੀਅਨ ਸਾਗਰ ਦਾ ਬੱਚਾ
ਲਹਿਰਾਂ ਲੈਂਦਾ ਬੱਚੇ ਵਾਂਗਰ।
ਲਹਿਰਾਂ ਛਡਦਾ ਮੌਜ 'ਚ ਆ ਕੇ
ਮੌਜਾਂ ਚਾੜ੍ਹੇ ਕੰਢੇ ਉੱਤੇ,
ਫੇਰ ਉਤਾਰੇ, ਪਿੱਛੇ ਜਾਵੇ
ਚੜ੍ਹਦਾ ਲਹਿੰਦਾ ਜਜ਼ਬੇ ਵਾਂਗਰ।
ਇਕ ਛਲ ਜਾਵੇ ਤੇ ਇਕ ਆਵੇ
ਨਿਰਛਲ ਉਸਦੇ ਹਿਰਦੇ ਵਿਚੋਂ
ਨਿਕਲਣ, ਤੇ ਛਾਤੀ ਤੇ ਉਸਦੀ
ਕਰਨ ਕਲੋਲਾਂ ਮੌਜਾਂ, ਮਾਨਣ
ਪਰ ਮੈਂ ਬੈਠਾ ਹਾਂ ਕੰਢੇ ਤੇ
ਕੰਢੇ ਉੱਤੇ ਮੈਂ ਬੈਠਾ ਹਾਂ,
ਵੇਖ ਰਿਹਾ ਹਾਂ ਚੌਹੀਂ ਪਾਸੀਂ
ਬੱਚੇ ਬੁੱਢੇ ਕਾਮੇ ਬਾਬੂ
ਕੁੜੀਆਂ ਮਾਵਾਂ ਤੇ ਭੈਣਾਂ ਤੇ
ਜੋੜੇ ਜੋੜੇ, ਟੱਬਰ ਜੁੜਕੇ
ਗੋਤੇ ਲਾ ਕੇ ਖੁਸ਼ ਹੁੰਦੇ ਨੇ ।
ਕੰਮ ਕਰ ਕਰ ਕੇ ਥੱਕੇ ਹੈ ਸਨ ।
ਦੂਰ ਥਕਾਵਟ ਕਰਦੇ ਨੇ ਤੇ
ਮਿਹਨਤ ਕਰਕੇ ਆਇਆ ਸੀ ਜੋ
ਉਸ ਮੁੜ੍ਹਕੇ ਨੂੰ ਲਾਹੁੰਦੇ ਨੇ ਸਭ
ਤਾਂ ਜੋ ਅਗਲੇ ਦਿਨ ਨੂੰ ਵੀ ਉਹ
ਕੰਮ ਕਰ ਸੱਕਣ ਤਕੜੇ ਹੋ ਕੇ
ਇਸ ਵੇਲੇ ਭੁੱਲੇ ਨੇ ਸਭ ਕੁਝ।
ਯਾਦ ਉਨ੍ਹਾਂ ਨੂੰ ਇਕੋ ਹੀ ਗਲ
ਵੇਹਲ ਕਿਵੇਂ ਮਾਣੀ ਜਾਂਦੀ ਹੈ
ਵਿਹਲ ਵੀ ਉਹ ਜੋ ਤਾਂ ਮਿਲਦੀ ਹੈ,
ਜਾਨ ਲੜਾਉਣੀ ਜਦ ਆਉਂਦੀ ਹੈ।
ਖ਼ੁਸ਼ ਹੁੰਦਿਆਂ ਨੂੰ ਵੇਖ ਰਿਹਾ ਹਾਂ
ਦਰ ਕਿਨਾਰੇ ਉੱਤੇ ਬੈਠਾ ।
ਮਾਣ ਰਿਹਾ ਹਾਂ ਮੈਂ ਵੀ ਖੁਸ਼ੀਆਂ
ਅਪਣਾ ਆਪ ਉਨ੍ਹਾਂ ਵਿਚ ਪਾ ਕੇ ।
ਇਉਂ ਲੱਗੇ ਜਿਉਂ ਮੈਂ ਵੀ ਗੋਤੇ
ਲਾਉਂਦਾ ਹਾਂ ਓਨ੍ਹਾਂ ਦੇ ਵਾਂਗੂੰ ।
ਖ਼ੁਸ਼ ਹੁੰਦਾਂ ਓਹਨਾਂ ਦੇ ਵਾਗੂੰ ।
ਕਾਮਾ ਬਾਬੂ ਮੈਂ ਵੀ ਹਾਂ ਜਿਉਂ
ਕੈਸਪੀਅਨ ਦੇ ਕੰਢੇ ਉੱਤੇ
ਨ੍ਹਾਂਉਦੇ ਏਨ੍ਹਾਂ ਦੇਵਤਿਆਂ ਚੋਂ
ਦੂਰ ਕਿਨਾਰੇ ਉੱਤੇ ਬੈਠਾ ।
ਕੈਸਪੀਅਨ ਦੇ ਕੰਢੇ ਉੱਤੇ
ਵੇਖ ਰਿਹਾ ਹਾਂ ਚੌਹੀਂ ਪਾਸੀਂ
ਮੇਹਨਤ ਦੀ ਬੱਤੀ ਦੇ ਜਲਵੇ
ਚਾਨਣ ਕੀਤਾ ਹੈ ਜਿਹਨਾਂ ਨੇ
ਹਰ ਇਕ ਪਾਸੇ ਤੇ ਹਰ ਤਰਫ਼ੇ ।
ਪਰ ਇਕ ਪਾਸੇ ਲੀਕ ਜਿਹੀ ਹੈ
ਕੁਝ ਪੱਛੋਂ ਕੁਝ ਦੱਖਣ ਵਲ ਨੂੰ
ਕਾਲੀ ਕਾਲੀ ਅੰਧਿਆਰੇ ਦੀ ।
ਇਕ ਪੁਰਖੀ ਰਜਵਾੜਾ ਸ਼ਾਹੀ
ਦੀ ਇਹ ਕਾਲਖ ਅਜ ਵੀ ਕਾਇਮ ।
ਸੋਚ ਰਿਹਾਂ ਕਿ ਮਿਟ ਜਾਏਗੀ,
ਹੁਣ ਇਹ ਕਾਇਮ ਰਹਿ ਨਹੀਂ ਸਕਦੀ ।
ਚਾਨਣ ਅੱਗੇ ਮਿਟ ਜਾਏਗੀ
ਅੰਧਿਆਰੇ ਦੀ ਲੀਕ ਜਿਹੀ ਇਹ ।
ਕੈਸਪੀਅਨ ਦੇ ਆਲ ਦੁਆਲੇ
ਸਭ ਪਾਸੇ ਚਾਨਣ ਪਸਰੇਗਾ।
ਲੀਕ ਨਹੀਂ ਦਿੱਸੇਗੀ ਕੋਈ,
ਅੰਧਿਆਰੇ ਦੀ ਕਾਲੀ ਕਾਲੀ ।
ਪਰ ਮੈਂ ਬੈਠਾ ਹਾਂ ਕੰਢੇ ਤੇ।
ਸੋਚ ਰਿਹਾਂ ਕੰਢੇ ਤੇ ਬੈਠਾ
ਗੋਤੇ ਮੈਂ ਵੀ ਲਾਵਾਂ ਇਸ ਵਿਚ
ਪਰ ਇਕ ਸ਼ਰਮ ਜਿਹੀ ਆਉਂਦੀ ਹੈ ।
ਹਿੰਦ ਸਾਗਰ ਦਾ ਨੇੜ ਮੈਂ ਕੀਤਾ
ਜੋ ਸਾਗਰ ਹੈ ਬਹੁਤਾ ਵਡਾ
ਜਿਸ ਅੱਗੇ ਕੈਸਪੀਅਨ ਲੱਗੇ
ਬੱਚਾ ਬੱਚਾ ਜੁੱਸੇ ਕਾਰਨ ।
ਐਪਰ ਉਂਞ ਇਹ ਬੱਚਾ ਵੇਖੋ
ਅੱਗੇ ਲੰਘਿਆ ਹੋਇਆ ਦਿੱਸੇ
ਓਸ ਵਡੇਰੇ ਪਾਸੋਂ ਕਿੰਨਾ ?
ਸ਼ਰਮ ਇਹੋ ਖਾਂਦੀ ਹੈ ਮੈਨੂੰ,
ਇਸ ਨੂੰ ਅਪਣਾ ਆਪ ਵਖਾਵਾਂ ?
ਭਰਮ ਜੋ ਬਣਿਆ ਹੋਇਆ ਮੇਰਾ
ਤੇ ਮੇਰੇ ਉਸ ਹਿੰਦ ਸਾਗਰ ਦਾ
ਖੁਲ੍ਹ ਜਾਏਗਾ ਭਰਮ ਜਦੋਂ ਇਹ
ਕੀ ਆਖਣਗੇ ਬਾਕੂ ਵਾਲੇ,
ਆਜ਼ਰਬਾਈਜਾਨ ਦੇ ਲੋਕੀਂ।
ਹਾਂ, ਮੈਂ ਹਾਂ ਕੰਢੇ ਤੇ ਬੈਠਾ !
ਸਾਥੀ ਕਹਿੰਦੇ ਨੇ ਤੂੰ ਵੀ ਹੁਣ
ਹਮਦਰਦਾ ਕੁਝ ਗੋਤੇ ਲਾ ਲੈ
ਅਲੈਗਜ਼ਾਂਦਰ ਮਿਰੋਨੋਵ ਤੇ
ਆਨੰਦ ਭਾਈ ਆਖ ਰਹੇ ਨੇ ।
ਗ਼ੋਤੇ ਲਾ ਲੈ ਗੋਤੇ ਲਾ ਲੈ ।
ਨਾਂਹ ਕਰਾਂ ਤਾਂ ਆਖਣ ਇਹ ਕਿ
ਇਹ ਸ਼ਰਮੀਲਾ ਕੁੜੀਆਂ ਵਾਂਗੂੰ।
ਇਹ ਗਲ ਵੀ ਹੈ ਠੀਕ ਇਨ੍ਹਾਂ ਦੀ ।
ਸ਼ਾਇਰ ਨੇ ਸ਼ਰਮੀਲੇ ਹੁੰਦੇ
ਨੰਗੇ ਕਰਦੇ ਨੇ ਦੂਜੇ ਨੂੰ :
ਜੋ ਕਾਲਖ ਦੇ ਹੈਨ ਪੁਜਾਰੀ,
ਜੋ ਅੰਧਿਆਰੇ ਦੇ ਗਾਹਕ ਨੇ ।
ਆਪ ਕਿਵੇਂ ਨੰਗੇ ਹੋ ਬੈਠਣ
ਲੋਕਾਂ ਅੱਗੇ ਸਾਗਰ ਅੱਗੇ।
ਭਰਮ ਜਿਹਾ ਬਣਿਆ ਰਹਿ ਜਾਏ।
ਕੰਢੇ ਦੇ ਉੱਤੇ ਬੈਠੇ ਦਾ।
ਪਰ ਮੈਂ ਵੀ ਲਾਵਾਂਗਾ ਇਸ ਵਿਚ
ਗੋਤੇ, ਜਦ ਵੇਲਾ ਆਏਗਾ।
ਜਦ ਮੈਨੂੰ ਡਰ ਨਹੀਂ ਭਾਸੇਗਾ ।
ਸ਼ਰਮ ਉੜੇਗੀ ਜਦ ਇਹ ਮੇਰੀ ।
ਮੈਂ ਵੀ ਗੋਤੇ ਲਾਵਾਂਗਾ ਫਿਰ
ਹਿੰਦ ਸਾਗਰ ਵਿਚ ਕੈਸਪੀਅਨ ਵਿਚ ।
ਪਰ ਹੁਣ ਤਾਂ ਮੈਂ ਬੈਠਾ ਹੋਇਆਂ
ਇਸ ਸਾਗਰ ਦੇ ਕੰਢੇ ਉੱਤੇ ।