ਉਹ ਸਾਈਕਲਾਂ ਦੇ ਜ਼ਮਾਨਿਆਂ ਤੋਂ ਮੇਰਾ ਦੋਸਤ ਹੈ
ਜਦ ਉਸ ਨੇ ਪਹਿਲੀ ਵਾਰ ਮੋਬਾਇਲ ਫੋਨ ਖਰੀਦਿਆ
ਫੋਨ ਤੇ ਕਹਿੰਦਾ
''ਮੈਂ ਮੋਬਾਇਲ ਫੋਨ ਲੈ ਲਿਆ ਹੈ,
ਮੋਟਰੋਲਾ ਦਾ ਸੈਟ ਹੈ
ਮਦਨਦੀਪ ਨੂੰ ਦੱਸ ਦਈਂ "
ਉਸ ਦਿਨ ਪਹਿਲੀ ਵਾਰ ਮੈਂ ਮਹਿਸੂਸ ਕੀਤਾ
ਇਹ ਬੰਦਾ ਅਜੇ ਪੁਰਾਣਾ ਨਹੀਂ ਹੋਇਆ
ਵਿਆਹ ਹੋਇਆ ਤਾਂ
ਅਸੀਂ ਸੋਚਦੇ
ਵਿਆਹ ਇਸ ਨੂੰ ਪੁਰਾਣਾ ਕਰ ਦਏਗਾ
ਸਿਆਣਾ ਕਰ ਦਏਗਾ
ਇਸ ਦੀ ਤਾਜ਼ੀ ਮੁਸਕਾਨ
ਗੰਭੀਰ ਹੋ ਜਾਏਗੀ
ਕੁੱਝ ਦਿਨ ਲੰਘੇ ਤਾਂ ਮੈਂ ਪੁੱਛਿਆ
ਭਾਬੀ ਕਿਸ ਤਰਾਂ ਹੈ
''ਉਹ ਤਾਂ ਰੱਬ ਵਰਗੀ ਹੈ"
ਜੁਆਬ ਸੁਣਕੇ ਮੈਂ ਹੈਰਾਨ ਹੋ ਗਿਆ-
ਇਹ ਤਾਂ ਹੋਰ ਨਵਾਂ ਹੋ ਗਿਆ ਹੈ
ਪਹਿਲਾਂ ਖੁਲ੍ਹੀ ਕਵਿਤਾ ਲਿਖਦਾ ਸੀ
ਹੁਣ ਟੱਪੇ ਲਿਖਣ ਲੱਗਾ ਹੈ
ਪਿਛਲੇ ਦਿਨੀਂ ਮੁੱਦਤ ਬਾਦ
ਫੇਰ ਉਸ ਨਾਲ ਗੱਲ ਹੋਈ
ਕਹਿੰਦਾ '' ਮੈਂ ਕਾਰ ਲੈ ਲਈ ਹੈ ਆਲਟੋ,
ਮਦਨਦੀਪ ਨੂੰ ਦੱਸ ਦਈਂ,
ਚਲਾਉਣੀ ਸਿੱਖ ਰਿਹਾ ਹਾਂ"
ਜ਼ੈਨ ਫਕੀਰਾਂ ਦੀ ਤਰਾਂ
ਉਸਦੇ ਇਨ੍ਹਾਂ ਤਿੰਨ ਫਿਕਰਿਆਂ ਨਾਲ ਹੀ
ਮੈਂ ਮੁਕਤ ਹੋ ਗਿਆ
ਜਿਵੇਂ ਨਿਊਟਨ ਦੇ ਸਿਰ ਵਿੱਚ
ਸੇਬ ਵੱਜਾ ਹੋਵੇ
ਜਿਵੇਂ ਡਾ ਗੁਰਭਗਤ ਸਿੰਘ ਦੇ
ਪੋਤਾ ਹੋ ਗਿਆ ਹੋਵੇ
ਸਾਈਕਲ, ਮੋਬਾਇਲ ਫੋਨ ਤੇ ਆਲਟੋ ਗੱਡੀ
ਉਸ ਨਾਲ ਖਲੋਤੇ ਇਸ ਤਰਾਂ ਲੱਗਦੇ ਹਨ
ਜਿਵੇਂ ਮਾਂ ਕੋਈ
ਆਪਣੇ ਬੱਚਿਆਂ ਨਾਲ ਫੋਟੋ ਖਿਚਵਾਉਂਦੀ ਹੈ
ਨਿੱਕੇ ਨਿੱਕੇ ਚਾਅ
ਉਸ ਦੇ ਮਨ ਤੇ
ਰੋਮਾਂ ਦੀ ਤਰਾਂ ਖੜ੍ਹਦੇ ਹਨ
ਜਿਵੇਂ ਨਵੀਂ ਗੱਡੀ ਤੇ ਕਿਸੇ ਨੇ
ਫੁਲਾਂ ਦੀ ਮਾਲਾ ਪਾਈ ਹੋਵੇ
ਜਾਂ ਟਰੱਕ ਵਾਲੇ ਸ਼ੌਕੀਨ ਕਿਸੇ ਨੇ
ਤਰਾਂ ਤਰਾਂ ਦੀਆਂ ਸਤਰਾਂ ਲਿਖੀਆਂ ਹੋਣ
ਉਹ ਇੱਕ ਪਿੰਡ ਹੈ
ਜਿਥੇ ਅਜੇ ਸੜ੍ਹਕ ਨਹੀਂ ਗਈ
ਸੋਚਦਾਂ ਉਸ ਦੀ ਇੱਕ ਫੋਟੋ ਖਿੱਚਾਂ
ਜਿਸ ਵਿੱਚ ਚਾਵਾਂ ਦੇ ਸਾਰੇ ਰੰਗ
ਬਹੁਤ ਗੂੜ੍ਹੇ ਹੋਣ
ਬੱਚਿਆਂ ਦੇ ਕਮਰੇ ਦੀ ਤਰਾਂ
ਹਰ ਕੋਨਾ ਸਜਿਆ ਹੋਵੇ
ਕੋਲ ਬੀਵੀ ਖੜ੍ਹੀ ਹੋਵੇ, ਪਿੱਛੇ ਗੱਡੀ,
ਇੱਕ ਕੋਨੇ ਵਿੱਚ ਸਕੂਟਰ,
ਬੀਵੀ ਦੀ ਗੋਦ ਵਿੱਚ ਬੱਚਾ
ਹੱਥ ਵਿੱਚ ਮੋਬਾਇਲ ਫੋਨ
ਸਮਾਈਲ ਕਹਿਣ ਤੋਂ ਪਹਿਲਾਂ ਉਸ ਨੂੰ ਆਖਾਂ
ਘੜੀ ਵਾਲਾ ਗੁੱਟ ਉਪਰ ਕਰ ਲੈ
ਤੇ ਕਲਿੱਕ
ਇੱਕੋ ਫੋਟੋ ਵਿੱਚ ਉਸ ਦੀ ਪੂਰੀ ਰਚਨਾ
ਸੰਭਾਲ ਲਵਾਂ
ਇਹ ਫੋਟੋ ਮੈਂ ਚਾਹੁੰਦਾਂ
ਆਪਣੀਆਂ ਕਿਤਾਬਾਂ ਵਿੱਚ ਰੱਖ ਦੇਵਾਂ
ਜਿਵੇਂ ਆਲੇ ਵਿੱਚ ਧੂਫ ਲਾਈ ਹੁੰਦੀ ਹੈ