ਪਰਾਇਆ ਸ਼ਹਿਰ ਹੈ ਤਾਰੇ ਪਰਾਏ ਚੰਦ ਬੇਗਾਨਾ।
ਸਜੀ ਮਹਿਫ਼ਲ ਅਮੀਰਾਂ ਦੀ ਛੁਪਾਏ ਦਿਲ ਮੁਫ਼ਲਸਾਨਾ।
ਬਿਗਾਨੀ ਧੁੱਪ ਨੂੰ ਉਂਗਲੀ ਲਗਾਈ ਫਿਰਨ ਪਰਛਾਵੇਂ,
ਮਨਾਂ ਦਾ ਵਿਲਕਣਾ ਜਾਰੀ ਅਤੇ ਹੋਠਾਂ ਦਾ ਮੁਸਕਾਣਾ।
ਭਰੇ ਇਸ ਨਗਰ ਤਨਹਾ ਹਾਂ ਕਿਸੇ ਜੰਗਲ ਦੇ ਫੁੱਲ ਵਾਂਗੂੰ,
ਕਿਸੇ ਨਾ ਵੇਖਿਆ ਖਿੜਨਾ ਮਿਰਾ ਨਾ ਖਿੜਕੇ ਮੁਰਝਾਣਾ।
ਬੜਾ ਕੁਝ ਹੈ ਸਿਖਾਉਂਦਾ ਜ਼ਿੰਦਗੀ ਨੂੰ ਯਾਦ ਜੇ ਰੱਖੀਏ,
ਕਿਸੇ ਸ਼ੀਸ਼ੇ ਦਾ ਪੱਥਰ ਨਾਲ ਟਕਰਾਣਾ ਤੇ ਟੁੱਟ ਜਾਣਾ।
ਦਿਸਣ ਨੂੰ ਸ਼ਾਂਤ ਲਗਦਾ ਏ ਮਗਰ ਗੰਭੀਰ ਹੈ ਸਾਗਰ,
ਕਿਨਾਰੇ ਵਾਲਿਓ ਏਸੇ ’ਚੋਂ ਹੀ ਉੱਠਣਾ ਹੈ ਤੂਫ਼ਾਨਾਂ।
ਕਿਸੇ ਰੰਗ ਨੂੰ ਤਾਂ ਮਿਲ ‘ਅਜਮੇਰ’ ਘਰ ਤਰਕਾਲ ਆਈ ਹੈ,
ਦਰਾਂ ਤੇ ਰਾਤ ਪੁੱਜੇਗੀ ਤਾਂ ਪੈ ਜਾਏਗਾ ਪਛਤਾਣਾ।