ਪਰਬਤ ਬੇਬਸੀ ਦਾ

ਪਰਾਂ ਨੂੰ ਬੰਨ੍ਹ ਕੇ ਪਰਬਤ ਬੇਬਸੀ ਦਾ, 

ਹਵਾਵਾਂ ਨੇ ਕਿਹਾ ਪੰਛੀ ਉੜੀ ਜਾ । 

ਕਿਸੇ ਸਾਗਰ ਦੀ ਹਿੱਕ ਚੁੰਮਣ ਤੋਂ ਪਹਿਲਾਂ, 

ਥਲਾਂ ਨੇ ਪੀ ਲਿਆ ਪਾਣੀ ਨਦੀ ਦਾ । 

ਤੇਰੇ ਖੁੱਲ੍ਹੇ ਹੋਏ ਦਰ ਦੀ ਸ਼ਰਮ ਸੀ, 

ਨਹੀਂ ਆਜ਼ਾਦ ਹੋ ਜਾਂਦਾ ਕਦੀ ਦਾ। 

ਜੇ ਫ਼ਰਸ਼ਾਂ ਨੂੰ ਨਹੀਂ ਹੈ ਅਰਸ਼ ਮਾਫ਼ਕ, 

ਇਦੇ ਵਿਚ ਦੋਸ਼ ਕੀ ਹੈ ਆਦਮੀ ਦਾ । 

ਮੇਰੀ ਨੇਕੀ 'ਚ ਤਾਂ ਕੁਝ ਦਮ ਨਹੀਂ ਹੈ, 

ਭਰੋਸਾ ਹੈ ਮੈਨੂੰ ਤੇਰੀ ਬਦੀ ਦਾ । 

ਸਮੁੰਦਰ ਹੁਸਨ ਦਾ ਤੂੰ ਜਾਣਦਾ ਹਾਂ, 

ਲੈ ਮੈਥੋਂ ਪਿਆਸ ਦਾ ਤੁਬਕਾ ਲਈ ਜਾ । 

ਜੋ ਕਰਨਾ ਜ਼ੁਲਮ ਕਰ ਲੈ ਹੁਣੇ ਈ, 

ਭਰੋਸਾ ਕੀ ਹੈ ਮੇਰੀ ਜ਼ਿੰਦਗੀ ਦਾ । 

ਤੇਰੇ ਬੁੱਲ੍ਹਾਂ ਨੂੰ ਮੈਂ ਚੁੰਮਦਾ ਨਹੀਂ ਹਾਂ, 

ਮੇਰੇ ਬੁੱਲ੍ਹਾਂ 'ਚ ਹੈ ਕਿਣਕਾ ਖ਼ੁਦੀ ਦਾ।

📝 ਸੋਧ ਲਈ ਭੇਜੋ