ਪਰਬਤੀ ਢਲਾਨ 'ਤੇ

ਇਨ੍ਹਾਂ ਛਿਣਾਂ 'ਚ ਖੜ੍ਹਾ ਹਾਂ ਮੈਂ 

ਕਿਸੇ ਵਿਸ਼ਾਲ ਪਰਬਤ ਦੀ ਢਲਾਨ ‘ਤੇ 

ਉੱਚੇ ਰੁੱਖਾਂ ਤੇ ਨਿੱਕੇ ਬੂਟਿਆਂ ਦੀ 

ਸ਼ਾਂਤ ਰੌਣਕ ਨਾਲ ਭਰੀ

ਏਕਾਂਤ ਹੈ ਏਥੇ ਪਰ ਇੱਕਲ ਨਹੀਂ

ਮੇਰੇ ਸਿਰ ਵਾਲੇ ਪਾਸੇ ਧੁਰ ਉਪਰ 

ਗੌਰਵਮਈ ਪਰਬਤ ਦੀ ਚੋਟੀ 

ਮੇਰੇ ਪੈਰਾਂ ਵਲ ਦੂਰ ਹੇਠਾਂ 

ਛੋਟੇ-ਛੋਟੇ ਘਰਾਂ ਦੇ ਝੁੰਡ ਸਮੇਤ 

ਹਰੀ ਭਰੀ ਵਾਦੀ ਦਾ ਪਸਾਰਾ 

ਜਿਸ ਦੀ ਬੁੱਕਲ ‘ਚ ਕਲੋਲ ਕਰਦੀ 

ਉੱਜਲੇ ਪਾਣੀਆਂ ਵਾਲੀ ਨਦੀ

ਇਨ੍ਹਾਂ ਛਿਣਾਂ ‘ਚ ਭੁੱਲ ਗਿਆ ਹਾਂ ਮੈਂ 

ਆਇਆ ਹਾਂ ਵਾਦੀ ਤੋਂ ਉਪਰ 

ਜਾਂ ਚੋਟੀ ਤੋਂ ਹੋਠਾਂ ਵਲ

ਇਨ੍ਹਾਂ ਭੇਤ ਪੂਰਨ ਵਿਸਮਾਦੀ ਪਲਾਂ ‘ਚ 

ਨੀਮ ਥਕਾਵਟ ਭਰੇ ਮੇਰੇ ਪੈਰਾਂ ਥੱਲੇ 

ਸਹਿਜ ਟਿਕੀ ਪਈ ਹੈ ਢਲਾਨ

ਫਿਰ ਸ਼ੁਰੂ ਕਰ ਸਕਦਾ ਹਾਂ ਸਫ਼ਰ 

ਉੱਪਰ ਉੱਚੀ ਚੱਟਾਨੀ ਚੋਟੀ ਵਲ 

ਹੇਠਾਂ ਪਸਰੀ ਮਖਮਲੀ ਵਾਦੀ ਵਲ 

ਘੁੰਮ ਸਕਦਾ ਹਾਂ ਕੁਝ ਚਿਰ 

ਆਸ ਪਾਸ ਪਥਰੀਲੀ ਢਲਾਨ ‘ਤੇ 

ਭਰ ਸਕਦਾ ਹਾਂ ਆਪਣੇ ਸਾਹਾਂ ‘ਚ

ਸਿਲ੍ਹੀ ਜਿਹੀ ਤੇ ਮਹਿਕਦੀ ਸੱਜਰੀ ਹਵਾ 

ਗੁਣਗੁਣਾ ਸਕਦਾ ਹਾਂ ਲੈਅ ਵਿਚ 

ਹਮਜੋਲੀ ਬਿਰਖਾਂ ਬਾਰੇ ਕੋਈ ਗੀਤ 

ਇਨ੍ਹਾਂ ਛਿਣਾਂ ਦੇ ਅਨੰਤ ਫੈਲਾਓ ‘ਚ 

ਕਿੰਨੀਆਂ ਸੰਭਾਵਨਾਵਾਂ ਨੇ ਮੌਜੂਦ

📝 ਸੋਧ ਲਈ ਭੇਜੋ