ਆਵਣ ਜੇ ਪਰਭਾਤਾਂ ਮੇਰੇ ਕਮਰੇ ਵਿੱਚ
ਪਾਵਣ ਪੈਰ ਸੁਗਾਤਾਂ ਮੇਰੇ ਕਮਰੇ ਵਿੱਚ
ਸੰਦਲੀ ਮਹਿਕ ਖਿਲਾਰੀ ਉਸਦੇ ਸਾਹਾਂ ਨੇ
ਬਖ਼ਸ਼ ਗਿਆ ਸਭ ਦਾਤਾਂ ਮੇਰੇ ਕਮਰੇ ਵਿੱਚ
ਪ੍ਰੀਤ ਵਿਛਾਈ ਬਾਜ਼ੀ,ਨੈਣਾਂ ਚਾਲ ਕਰੀ
ਮੈਨੂੰ ਪਾਵਣ ਮਾਤਾਂ ਮੇਰੇ ਕਮਰੇ ਵਿੱਚ
ਭਾਈ, ਪੰਡਤ, ਮੁੱਲਾਂ ਪੀਵਣ ਕੱਠੇ ਹੀ
ਇੱਕੋ ਹੋਵਣ ਜਾਤਾਂ ਮੇਰੇ ਕਮਰੇ ਵਿੱਚ
ਰੂਪ ਕੁੜੀ ਦੇ ਸੁਪਨੇ ਕੀਕਰ ਵੇਖ ਲਵਾਂ
ਖਾਲੀ ਟੀਨ ਪਰਾਤਾਂ ਮੇਰੇ ਕਮਰੇ ਵਿੱਚ
ਰਗ ਰਗ ਜਾਪੇ ਰੈਣੂ ਚਾਨਣ ਘੁਲਿਆ ਹੈ
ਕਿਸ ਮਾਰੀਆਂ ਝਾਤਾਂ ਮੇਰੇ ਕਮਰੇ ਵਿੱਚ