ਪਾਰਦਰਸ਼ਤਾ ਵਾਲਾ ਸੁਪਨਾ

ਪਾਰਦਰਸ਼ਤਾ ਵਾਲਾ ਸੁਪਨਾ ਹਰ ਭਾਰਤਵਾਸੀ ਵੇਖ ਰਿਹਾ ਹੈ 

ਸੁਪਨਾ ਸੱਚ ਕਰਾਉਣ ਦੇ ਨਾਂ ਤੇ, ਹਰ ਕੋਈ ਰੋਟੀ ਸੇਕ ਰਿਹਾ ਹੈ

ਸੜਕਾਂ ਉੱਤੇ ਰੁਲ਼ਦੇ ਫ਼ਿਰਦੇ ਬੰਦਿਆਂ ਵਰਗੇ ਕਿੰਨੇ ਪਰਛਾਵੇਂ,

ਏਨ੍ਹਾਂ ਨੂੰ ਤਾਂ ਰੱਬ ਵੀ  ਜਾਪੇ ਆਪਣੇ ਨਾਲੋਂ ਛੇਕ ਰਿਹਾ ਹੈ

ਧੋਖੇ ਧੱਕੇ ਨਾਸ਼ੁਕਰਾਂ ਤੋਂ ਹਰਦਮ ਖਾਂਦਾ ਫ਼ਿਰਦਾ ਹੈ ਉਹ

ਫ਼ਿਰ ਵੀ ਵੇਖੋ ਰੰਗ ਨਾ ਬਦਲੇ ਬੰਦਾ ਕਿੰਨਾ ਨੇਕ ਰਿਹਾ ਹੈ

ਕਾਹਦਾ ਰਹਿਬਰ ਗਿਰਗਿਟ ਵਾਗੂੰ ਅੱਜਕੱਲ੍ਹ ਰੰਗ ਨਾ ਬਦਲੇ ਜੋ

ਗੋਰਖਧੰਦਾ ਮਤਲਬਖੋਰਾਂ ਦਾ ਚਲਦਾ ਬਿਨਾ ਬਰੇਕ ਰਿਹਾ ਹੈ

ਚਾਰ ਮੌਸਮਾਂ ਵਾਲਾ  ਲਾਰਾ ਕੈਲੰਡਰ ਨੇ ਵੀ ਲਾ ਛੱਡਿਆ ਹੈ

ਉਸ ਤੇ ਫੋਟੋ ਲੱਗੀ ਰੱਬ ਦੀ, ਬੰਦਾ ਮੱਥੇ ਟੇਕ ਰਿਹਾ ਹੈ

ਅੱਡੀਆਂ ਚੱਕ ਚੱਕ ਕਰੇ ਉਡੀਕਾਂ ਸਾਵਣ ਆਉਣ ਦੀਆਂ

ਵੇਖੋ ਭੋਲ਼ਾ ਪੰਛੀ ਕਿੰਨਾ ਪਿਆਰਾ ਸੁਪਨਾ ਵੇਖ ਰਿਹਾ ਹੈ

ਰਸਮਾਂ ਵਾਗੂੰ ਬਾਗ਼  ਦੇ ਰਾਖੇ ਬੋਝਾ ਢੋਂਦੇ ਫ਼ਰਜਾਂ ਦਾ,

ਸ਼ਮੀ ਨੇ ਕੀ ਕਰਨਾ ਇੱਥੇ, ਉਹ ਵੀ ਬੈਠਾ ਵੇਖ ਰਿਹਾ ਹੈ

📝 ਸੋਧ ਲਈ ਭੇਜੋ