ਸਾਨੂੰ ਦਿਸਦਾ ਨਹੀਂ ਹੈ ਅਗਲਾ ਸੰਸਾਰ
ਉਸਦੀ ਆਸ ਵਿੱਚ
ਕਿਵੇਂ ਬੈਠੀਏ ਮੌਲਾ
ਕੁੱਝ ਤਾਂ ਉਮੀਦ ਦੇਹ
ਬਦੀ ਵਾਲੇ ਰਾਜ ਭੋਗਦੇ ਨੇ
ਨੇਕ ਬੰਦੇ ਦੁਖ ਭੋਗਦੇ ਨੇ
ਤੇ ਮੌਤ ਤੋਂ ਪਰ੍ਹੇ ਸਾਨੂੰ ਦਿਸਦਾ ਨਹੀਂ ਹੈ
ਕਹਿੰਦੇ ਹਨ:
ਤੂੰ ਬਦੀ ਵਾਲਿਆਂ ਨੂੰ ਸਜ਼ਾਵਾਂ ਦਿੰਦਾ ਹੈਂ
ਅਗਲੇ ਸੰਸਾਰ ਵਿੱਚ
ਨੇਕੀ ਵਾਲਿਆਂ ਨੂੰ
ਆਪਣੀ ਰਹਿਮਤ ਨਾਲ ਨਿਵਾਜ਼ਦਾ ਹੈਂ
ਅਗਲੇ ਸੰਸਾਰ ਵਿੱਚ
ਤੇ ਸੁਣਿਆ ਹੈ ਇਹ ਦੁਨੀਆ
ਤੇਰੀ ਲੈਬਾਰਟਰੀ ਹੈ
ਜਿਸ ਚ ਤੂੰ ਨੇਕੀ ਵਾਲਿਆਂ ਦੀ
ਨੇਕੀ ਪਰਖਦਾ ਹੈਂ
ਬਦੀਆਂ ਵਾਲੇ ਮਸਤ ਨੇ
ਵਰਤਮਾਨ ਵਿੱਚ ਜਿਊਂਦੇ ਨੇ
ਨੇਕੀ ਵਾਲੇ ਭਵਿਖ ਦੀ ਉਮੀਦ ਵਿੱਚ ਬੈਠੇ ਨੇ
ਭਵਿਖ ਜੋ ਮੌਤ ਤੋਂ ਪਰ੍ਹੇ ਹੈ
ਮੌਤ ਤੋਂ ਪਰ੍ਹੇ ਅਸੀਂ ਦੇਖ ਨਹੀਂ ਸਕਦੇ
ਇਹ ਤੇਰੀ ਕੈਸੀ ਪਰਖਿਆ ਹੈ ਰੱਬਾ
ਅੰਨ੍ਹਿਆਂ ਨੂੰ ਦੇਖਣ ਲਈ ਕਹਿ ਰਿਹਾ ਹੈਂ