ਕੱਲ੍ਹ ਮੈਂ ਉੱਡਦੇ ਹੋਏ

ਪਰਿੰਦਿਆਂ ਨੂੰ ਆਵਾਜ਼ ਮਾਰੀ

ਤੇ ਕੋਲ ਬਿਠਾ ਪੁੱਛਿਆ

ਕੀ ਤੁਹਾਡੇ ਵੀ ਘਰ ਘਾਟ ਹੁੰਦੇ ਆ?

ਕੋਈ ਮੰਜਾ ਬਿਸਤਰਾ

ਚੁੱਲ੍ਹੇ-ਚੌਂਕੇ

ਭਾਂਡੇ-ਟੀਂਡੇ

ਗਲ਼ੀਆਂ-ਮੁਹੱਲੇ

ਪਿੰਡ-ਕਸਬੇ

ਰਿਸ਼ਤੇ-ਨਾਤੇ

ਮੁਹੱਬਤਾਂ

ਰੁਸਵਾਈਆਂ

ਤਨਹਾਈਆਂ

ਸ਼ਿਕਵੇ ਸ਼ਿਕਾਇਤਾਂ

ਤੁਹਾਡੇ ਵੀ ਆਪੋ ਆਪਣੇ

ਮੁਲਕ ਹੁੰਦੇ ਹੋਣੇ ਆਂ ?

ਹੱਦਾਂ-ਸਰਹੱਦਾਂ

ਬੰਦੂਕਾਂ-ਤਲਵਾਰਾਂ

ਮਰਦੇ ਹੋਣੇ ਮਾਰਦੇ ਹੋਣੇ

ਇੱਕ ਦੂਸਰੇ ਨੂੰ

ਤੁਹਾਡਾ ਵੀ ਲਹੂ ਡੁੱਲਦਾ ਹੋਣਾ

ਆਪੋ ਆਪਣੇ ਵਤਨ ਤੇ

ਆਪੋ ਆਪਣੀ ਕੌਮ ਦੀ ਅਣਖ ਦੀ ਖ਼ਾਤਰ

ਤੁਹਾਡਾ ਵੀ ਹਰ ਕਿਸੇ ਦਾ ਆਪੋ ਆਪਣਾ

ਕੋਈ ਨਾ ਕੋਈ ਮਜ਼ਹੱਬ ਹੁੰਦਾ ਹੋਵੇਗਾ

ਜਿਸ ਦੀ ਖ਼ਾਤਰ ਰੇਤ ਦਿੰਦੇ ਹੋਵੋਗੇ

ਇੱਕ ਦੂਜੇ ਦੀਆਂ ਧੌਣਾਂ

ਤੇ ਲਾਹ ਦਿੰਦੇ ਹੋਵੋਗੇ

ਇੱਕ ਦੂਜੇ ਦੇ ਸਿਰਾਂ ਨੂੰ

ਸਾੜ ਦਿੰਦੇ ਹੋਵੋਗੇ

ਇੱਕ ਦੂਜੇ ਦੇ ਪਰਾਂ ਨੂੰ

ਮੇਰੇ ਇਹ ਤਮਾਮ ਸਵਾਲਾਂ ਨੂੰ ਸੁਣ ਕੇ

ਖ਼ਾਮੋਸ਼ ਬੈਠਾ ਇੱਕ ਪਰਿੰਦਾ

ਜਵਾਬ ਵਿੱਚ ਬੋਲਿਆ

ਹਾਂ ਸਾਡੇ ਵੀ ਘਰ ਹੁੰਦੇ ਆ,

ਕਿਉਂ ਨਹੀ ?

ਇਹ ਸਾਰੇ ਦੇ ਸਾਰੇ ਦਰੱਖਤ

ਸਾਡੇ ਘਰ ਹੀ ਤਾਂ ਹਨ

ਇਹਨਾਂ ਦੀਆਂ ਲਚਕਦਾਰ ਟਹਿਣੀਆਂ

ਸਾਡੀਆਂ ਮੰਜੀਆਂ ਪਲੰਘ

ਇਹਨਾਂ ਦੇ ਨਰਮ ਮੁਲਾਇਮ ਪੱਤੇ

ਜਿਵੇਂ ਕੋਈ ਰੇਸ਼ਮੀ ਚਾਦਰਾਂ ਹੋਣ

ਰੋਜ਼ ਤੜਕੇ ਤੜਕੇ

ਤ੍ਰੇਲ ਦੀਆਂ ਬੂੰਦਾਂ

ਧੋ ਜਾਂਦੀਆਂ ਨੇ ਸਾਡੇ ਸਭ ਦੇ ਮੂੰਹ ਸਿਰ

ਕਈ ਵਾਰ ਨੁਹਾ ਜਾਂਦੀਆਂ ਨੇ ਸਾਨੂੰ

ਨੱਚਦੀਆਂ ਹੋਈਆਂ ਬਾਰਿਸ਼ਾਂ

ਇਹ ਖੇਤ ਨਿਆਈਆਂ ਤੇ ਸਾਰੀ ਧਰਤੀ

ਸਾਡਾ ਚੁੱਲ੍ਹਾ-ਚੌਂਕਾ ਹੀ ਤੇ ਹੈ

ਜਦੋਂ ਵੀ ਭੁੱਖ ਲੱਗੀ ਉੱਤਰੇ ਬੈਠੇ ਤੇ ਖਾ ਲਿਆ

ਹਾਂ ਅਸੀਂ ਵੀ ਮੁਹੱਬਤ ਕਰਦੇ ਆਂ

ਇੱਕ ਦੂਜੇ ਨਾਲ ਰੁੱਸਦੇ ਆਂ

ਮਨਾਉਂਦੇ ਆਂ

ਪਰ ਇੱਕ ਦੂਜੇ ਨੂੰ ਮਾਰਦੇ ਨਹੀ

ਨਾ ਖੇਤਾਂ ਬੰਨ੍ਹਿਆਂ ਦੀਆਂ ਹੱਦਾਂ ਦੀ ਖ਼ਾਤਰ

ਨਾ ਕਿਸੇ ਮੁਲਕ ਦੀ ਸਰਹੱਦ ਦੇ ਲਈ

ਨਾ ਇਥੇ ਕਿਤੇ ਕੰਡਿਆਂ ਦੀ ਤਾਰ ਹੈ

ਨਾ ਕਿਸੇ ਦੇ ਹੱਥ ਰਫ਼ਲ ਨਾ ਤਲਵਾਰ ਹੈ

ਅਸੀਂ ਮਜ਼੍ਹਬਾਂ ਦੇ ਨਾਮ ਦੇ ਉੱਤੇ

ਵੱਢਦੇ ਨਹੀਂ ਇੱਕ ਦੂਜੇ ਦੇ ਸਿਰਾਂ ਨੂੰ

ਸਾੜਦੇ ਨਹੀ ਇੱਕ ਦੂਜੇ ਦੇ ਪਰਾਂ ਨੂੰ

ਸਾਡਾ ਸਭ ਦਾ ਇੱਕ ਹੀ ਮੁਲਕ

ਇਹ ਖੁੱਲ੍ਹਾ ਅਸਮਾਨ

ਸਾਡਾ ਇੱਕ ਹੀ ਧਰਮ ਹੈ

ਸਾਡੀ ਉਡਾਣ

ਜਦੋਂ ਅਸੀ ਅਸਮਾਨ 'ਚ ਹੁੰਦੇ

ਆਪਣੀ ਉਡਾਣ 'ਚ ਹੁੰਦੇ

ਤੁਸੀਂ ਸਾਰੇ ਦੇ ਸਾਰੇ ਹੀ

ਬਹੁਤ ਬੌਣੇ ਲੱਗਦੇ ਹੋ

ਮੈਂ ਤਾਂ ਕਹਿੰਦਾ ਹਾਂ

ਕਿ ਤੁਸੀਂ ਵੀ ਉੱਡਣਾ ਸਿੱਖ ਲਵੋ...

ਉਸ ਪਰਿੰਦੇ ਦੀ ਗੱਲ ਸੁਣ ਕੇ ਲੱਗਿਆ

ਕਾਸ਼ !

ਮੈਂ ਵੀ ਇੱਕ ਪਰਿੰਦਾ ਹੁੰਦਾ।

📝 ਸੋਧ ਲਈ ਭੇਜੋ