ਪਾਰਕ ਵਿਚਲੀ ਕੁਰਸੀ, ਸੁਣਕੇ ਹੁੰਦੀ ਲੋਹੇ-ਲਾਖੀ ਜਾਵੇ।
ਕੀਕਣ ਉਸ ’ਤੇ ਬੈਠਾ ਬਾਪੂ ਅੱਖਾਂ ਮੁੰਦ, ਵਿਸਾਖੀ ਜਾਵੇ।
ਕੁਝ ਟੱਲੀਆਂ ਕੁਝ ਘੁੰਗਰੂ ਬੰਨ੍ਹ ਕੇ ਇੱਕ ਡੰਡੇ ਨੂੰ ਤੁਰੇ ਮੁਨਾਖਾ,
ਉਸਦੇ ਪਿੱਛੇ-ਪਿੱਛੇ, ਮੀਲਾਂ ਤੀਕਰ ਭੀੜ ਸੁਜਾਖੀ ਜਾਵੇ।
ਸ਼ਾਮੀਂ ਪਰਛਾਵੇਂ ਤੋਂ ਪੁੱਛੇ, ਉੱਜੜੇ ਬਾਗਾਂ ਦੀ ਪਗਡੰਡੀ,
ਕਮਲਾ ਪਹਿਰੇਦਾਰ ਦੁਪਹਿਰੇ, ਅਕਸਰ ਕਿਸਦੀ ਰਾਖੀ ਜਾਵੇ।
ਹਰ ਕੋਈ ਅੰਦਰੀਂ ਡੱਕਣਾ ਚਾਹਵੇ, ਭਰ ਕੇ ਪੌਣ ਕਲਾਵੇ ਅੰਦਰ,
‘‘ਸਮਝ ਕਰੋ ਕੁਝ ਭਲਿਓ,’’ ਹਰ ਕੋਈ ਇੱਕ ਦੂਜੇ ਨੂੰ ਆਖੀ ਜਾਵੇ।
ਮੱਥੇ ’ਤੇ ਆਦੇਸ਼ ਲਿਖਾ ਕੇ, ਪਲ ਵਿੱਚ ਲੰਘ ਜਾਂਦੀ ਹੈ ਦੁਨੀਆਂ,
ਅੰਕੁਸ਼ ਵਰਗਾ ਬੰਦਾ, ਸਾਰੀ ਉਮਰਾ ਵੇਖੀ-ਚਾਖੀ ਜਾਵੇ।