ਹੁਣ ਕਿਹੜਾ ਪ੍ਰਛਾਵਾਂ ਪਕੜਾਂ
ਜੋ ਇਸ ਤਪਦੇ ਕਿਣਕੇ ਉੱਤੇ
'ਛਿਨ ਭੰਗਰੀ ਹੀ ਛਾਂ ਕਰ ਦੇਵੇ'
ਧੁਰੋਂ ਧਰੀਕੀ
ਧੁਰ ਅੰਦਰ ਦੀ
ਨਾਂਹ ਦਾ ਝੋਰਾ
ਇਕ ਧਿਰ ਕਰਕੇ
ਇਕ ਦੋ ਘੜੀਆਂ ਹਾਂ ਕਰ ਦੇਵੇ
ਹਾਂ
ਉਹ ਸਭ ਪ੍ਰਛਾਵੇਂ ਸਨ
ਝੋਰੇ ਝੁਰਿਆ
ਮੈਂ ਉਹਨਾਂ ਪਿੱਛੇ ਲਗ ਤੁਰਿਆ
ਕਿਣਕੇ ਨੂੰ ਕੋਈ ਸੁਪਨਾ ਆਇਆ
ਮਿੱਟੀ ਨੂੰ ਕੋਈ ਫੁਰਨਾ ਫੁਰਿਆ
ਮੈਂ ਜਿੰਨ੍ਹਾਂ ਪਿੱਛੇ ਲਗ ਤੁਰਿਆ
ਕੁਝ ਅਚਾਨਕ ਛਪਨ ਹੋ ਗਏ
ਕੁਝ ਧੁੱਪਾਂ ਦੇ ਅੰਗ ਲਗ ਪਿਘਲੇ
ਕੁਝ ਪੌਣਾਂ ਦੇ ਸੰਗ ਸਮਾਏ
ਉਹ ਤਾਂ ਸਭ ਪ੍ਰਛਾਵੇਂ ਸਨ
ਹੁਣ ਫਿਰ ਮੈਨੂੰ ਖੋਰੀ ਜਾਂਦਾ
ਧੁਰ ਅੰਦਰ ਦੀ ਨਾਂਹ ਦਾ ਝੋਰਾ
ਹੁਣ ਤਾਂ ਕੋਈ ਪ੍ਰਛਾਵਾਂ ਭੀ ਨਜ਼ਰ ਨਾ ਆਏ
ਜੋ ਇਸ ਤਪਦੇ ਕਿਣਕੇ ਉੱਤੇ
ਛਿਨ ਭੰਗਰੀ ਹੀ ਛਾਂ ਕਰ ਜਾਏ।