ਇਸ ਜੰਗਲ ਵਿਚ ਪਰਛਾਵੇਂ ਹੀ ਪਰਛਾਵੇਂ ਨੇ
ਬਿਰਛ ਕਿਤੇ ਨਜ਼ਰੀਂ ਨਾ ਆਵੇ
ਪਰਛਾਵੇਂ ਦੀ ਛਾਵੇਂ ਬਹਿ ਕੇ
ਹਰ ਕੋਈ ਅਪਣੀ ਜੂਨ ਹੰਢਾਵੇ
ਸਿਰ-ਨੰਗੀ ਮਮਤਾ ਦੀ ਗੋਦੀ ਕੀਕਣ ਬੈਠਾਂ
ਮੇਰਾ ਕੱਦ ਛਾਂਗਿਆ ਜਾਵੇ
ਇਸ ਜੰਗਲ ਵਿਚ ਪਰਛਾਵੇਂ ਹੀ ਪਰਛਾਵੇਂ ਨੇ
ਸਫ਼ਰ ਲਈ ਤਨ ਮਨ ਵਿਚ ਕਾਹਲੀ ਜਾਗ ਰਹੀ ਹੈ
ਪੈਰਾਂ ਵਿਚ ਰਾਹਾਂ ਦੇ ਗੁੰਝਲ ਬਹੁਤ ਵਿਛੇ ਨੇ
ਜਿਵੇਂ ਕਿਸੇ ਮਾਨਸ ਰੋਗੀ ਦੀ ਨੀਂਦ-ਡਾਲ ਤੇ
ਬੇਮੂੰਹੇ ਸੁਪਨੇ ਦੇ ਬਾਲਕ ਵਿਲਕ ਰਹੇ ਨੇ :
ਸਾਡਾ ਕੌਣ ਪਿਤਾ-ਮਹਿਤਾਰੀ
ਹਰ ਇਕ ਰਸਤਾ ਦੇਸ਼-ਦਿਸੌਰਾਂ ਵਲ ਜਾਂਦਾ ਹੈ
ਦਿਸ਼ਾ ਕੋਈ ਨਜ਼ਰੀਂ ਨਾ ਆਵੇ
ਦਿਸ਼ਾ-ਭਰਮ ਦੇ ਗੂੜ੍ਹੇ ਪਰਛਾਵੇਂ ਦੀ ਛਾਵੇਂ
ਉਮਰਾਂ ਤੁਰੀਆਂ ਜਾਣ ਕੀੜੀਆਂ ਦੀਆਂ ਕਤਾਰਾਂ
ਇਸ ਰਾਹਾਂ ਦੇ ਲੀਕ ਜਾਲ ਤੇ
ਪੈਰ ਅਨੈਣ ਸਹਿਜ ਤੁਰਦਾ ਹੈ
ਪੈਰ ਸਨੈਣ ਉਲਝਦਾ ਜਾਵੇ
ਇਸ ਜੰਗਲ ਵਿਚ ਪਰਛਾਵੇਂ ਹੀ ਪਰਛਾਵੇਂ ਨੇ
ਬਿਰਛ ਕਿਤੇ ਨਜ਼ਰੀਂ ਨਾ ਆਵੇ ।