ਝਿੰਮ ਝਿੰਮ ਰਾਤ ਉਮਰ ਦੀ ਲੰਘਦੀ
ਭਰੀਆਂ ਵਗਣ ਝਨਾਵਾਂ
ਜੇ ਤੂੰ ਐਵੇਂ ਤੁਰ ਜਾਣਾ ਹੈ
ਫਿਰ ਕਿਉਂ ਕਰੇਂ ਦੁਆਵਾਂ ? (੧)
ਦੂਰ ਦੁਰਾਡੇ ਸੱਥਰਾਂ ਉੱਤੇ
ਯਾਦ ਕਰੇ ਕੋਈ ਬੇਲੀ,
ਜੇਕਰ ਤੇਰੇ ਬੋਲ ਬੇਗਾਨੇ
ਫਿਰ ਕਿਉਂ ਵਗਣ ਹਵਾਵਾਂ ? (੨)
ਕਿਉਂ ਤੂੰ ਨਾਲ ਗ਼ਾਜ਼ੀਆਂ ਚੱਲੀ
ਸਿਖਰ ਦੁਪਹਿਰਾਂ ਵੇਲੇ ?
ਜੀਵੇਂ ਡਾਢੇ ਥਲ ਨੇ ਤੈਨੂੰ
ਦਿੱਤੀਆਂ ਨਹੀਂ ਸਦਾਵਾਂ। (੩)
ਆਈਆਂ ਦੂਰ ਦੁਰਾਡਿਉਂ ਕੂੰਜਾਂ
ਸ਼ੁਤਰ ਵੀ ਦੂਰੋਂ ਆਏ,
ਜੇ ਤੂੰ 'ਵਾਜ ਅੱਲਾ ਦੀ ਸੁਣਦੀ
ਕਿਉਂ ਮੈਂ ਦਰਦ ਗਿਣਾਵਾਂ ? (੪)
ਤੇਰੇ ਕੇਸਾਂ ਨਾਲ ਕਿਉਂ ਆਏ
ਦੂਰੋਂ ਚਲ ਪ੍ਰਛਾਵੇਂ ?
ਜੀਵੇਂ ਗੀਟਿਆਂ ਕੋਲੋਂ ਪੁੱਛਦੀ :
“ਖ਼ਾਨਗਾਹਾਂ ਤਕ ਆਵਾਂ।” (੫)
ਬਾਗ਼ ਵੀ ਤੇਰੇ, ਵਾਟ ਵੀ ਤੇਰੀ,
ਮਹਿੰਦੀ-ਕਜਰਾ ਖੁਰਦੇ,
ਪੱਕੀਆਂ ਪੀਲ੍ਹਾਂ ਖਾਣ ਹੁਲਾਰੇ
ਅੱਜ ਨਾਂਹ ਮਿਲੀਆਂ ਮਾਵਾਂ। (੬)