ਪੱਛਮੀ ਪੰਜਾਬ ਦੇ ਲੋਕਾਂ ਨੂੰ

ਲਟਕਦਾ ਮਿਰਾ ਹੰਝੂ

ਸੱਤ ਅਸਮਾਨਾਂ ਦੀ ਤੇਗ ਤੇ,

ਆਓ ਘਾਇਲ ਕਰੋ ਸੀਨੇ 

ਵਿਛੜੇ ਪੰਜਾਬੀਓ!

ਸਵੇਰਿਆਂ ਦੇ ਵਾਰਸੋ

ਅਜ਼ਾਨ ਮੈਂ ਦਿੰਦਾ

ਦੂਰ ਦੇ ਸਿਤਾਰਿਆਂ ਤੀਕਣ

ਤੇਗਾਂ ਵਾਂਗ ਬਾਹਾਂ ਉਲਾਰ ਕੇ

ਆਵੋ ! ਆਵੋ !!

ਤੁਸਾਂ ਬਨਬਾਸ ਵਿਚ ਪੀਤੀ

ਹਲਾਹਲ ਵਣਾਂ ਦੀ,

ਮੈਨੂੰ ਇਸ ਦੇਸ ਵਿਚ ਕੇ 

ਗ਼ਜ਼ਬ ਦਾ ਤਾਪ ਚੜ੍ਹਿਆ।

ਅੰਬਰਾਂ ਜ਼ਮੀਨਾਂ ਤੇ ਵਿਛਿਆ 

ਰੋਹ ਦੀ ਨੀਂਦ ਦਾ ਆਸਨ, 

ਭੁੱਖ ਭੁੱਖ ਚਮਕਿਆ

ਪਰਬਤਾਂ ਸਿੰਧਾਂ ਦੇ ਮੱਥੇ।

ਸਵੇਰਿਆਂ ਦੇ ਮਾਲਕੋ

ਕਾਰਵਾਨਾਂ ਦੀ ਅੱਖ 'ਚੋਂ ਕੜਕਦੇ

ਮੰਜ਼ਲਾਂ ਦੇ ਸਿਤਾਰੇ ਦੀ ਅਗਨੀ 

ਸਬਰ-ਵਿਰਦ ਨੇ ਚੁੰਮ੍ਹੀ।

ਸੂਰਜਾਂ ਵਰਗੇ ਮੁੱਖ ਕਿਉਂ ਦਿੱਤੇ 

ਮਿੱਟੀ 'ਚ, ਡੁਸਕਦੇ ਵੀਰੋ ?

ਸੀਨੇ 'ਤੇ ਸੁਆ ਕੇ

ਘਮਸਾਨ ਲੱਖ ਦਰਿਆਵਾਂ ਦਾ

ਲੰਮੀਆਂ ਸੰਞਾਂ ਤਾਣ ਕੇ ਸੁੱਤਿਓ,

ਵਗਦੇ ਤੂਫ਼ਾਨ ਸਿਰਾਂ ਵਿਚ ਡੱਕ ਕਿਉਂ ਰੱਖੇ ?

ਰੱਤ ਭਰੇ ਹੰਝੂ ਲੈ ਆਵੋ

ਰੋਸ ਦੇ ਸਮੁੰਦਰਾਂ 'ਚ ਡੁੱਬਿਉ

ਭਰੇ ਪੀਤਿਓ ਸ਼ੇਰੋ !

ਕਾਸਦਾਂ ਵਾਂਗ ਦਰਿਆਵਾਂ ਦੇ ਪਾਣੀ ਕਿਉਂ

ਹਨੇਰੀਆਂ ਰਾਤਾਂ 'ਚ ਚੁੰਮੇ

ਲੁਕ ਲੁਕ ਰੋਸਾਂ ਦੇ ਮਾਰਿਓ

ਕਿਉਂ ਖ਼ੁਦਾ ਦੇ ਜ਼ੋਰ ਤੇ ਹੱਸਦੇ ਰਹੇ 

ਭਖ ਭਖ ਜ਼ਿਮੀਂ ਦੇ ਸੀਨੇ 'ਚ ਡੁੱਬਦੇ ਰਹੇ 

ਸਬਰ ਦੇ ਕਹਿਰ ਵਿਚ ਸੁੱਤਿਓ !

ਲੱਖ ਦਰਿਆਵਾਂ ਦੇ ਹੇਠ 

ਬਿਜਲੀਆਂ ਦੇ ਬਾਜ਼ੂਆਂ 'ਤੇ ਸੁੱਤਾ 

ਰੁੱਠੇ ਪਹਾੜਾਂ ਦੇ ਵਾਂਗ 

ਇਹ ਕਹਿਰ-ਕਲੂਰ ਦਾ ਰੋਸਾ। 

ਨੱਸ ਨੱਸ ਚੁੰਮ੍ਹਦੀਆਂ ਪਈਆਂ 

ਸੀਨੇ ਨਾ' ਘੁਟਦੀਆਂ ਪਈਆਂ 

ਇਹ ਕਹਿਰ-ਕਲੂਰ ਦਾ ਰੋਸਾ 

ਵਗ ਵਗ ਬੇਹਾਲੀਆਂ ਮੇਰੀਆਂ।

ਆਵੋ ਆਵੋ ਮਿਰੇ ਹੱਥ ਚੁੰਮ੍ਹੋ

ਬੀਆਬਾਨਾਂ ਦੇ ਕੰਠ ਵਿਚ ਕੂਕਦੇ ਸੂਰਜੋ,

ਦਰਿਆਵਾਂ ਦੀ ਹਿੱਕ 'ਤੇ

ਸਬਰ ਦੇ ਕਹਿਰ ਨੂੰ ਲੈ ਕੇ

ਤਪਦੇ ਵੀਰਾਨਿਉਂ !

ਚੁੱਕ ਸ਼ਮਸ਼ੀਰ ਆਵੋ

ਦੋਜ਼ਖ਼ਾਂ ਵਾਲੀ— 

ਖ਼ੂਨੀ ਨਹੁੰਦਰਾਂ ਦੇ ਹੇਠਾਂ

ਸੱਤ ਅਸਮਾਨਾਂ ਨੂੰ ਲੈ ਕੇ 

ਨਾਂਹ ਭਖੋ

ਵਣਾਂ ਦੇ ਜਗਰਾਤਿਓ !

ਆਵੋ ਆਵੋ, ਵਾਜ ਦਰਵੇਸ਼ਾਂ ਦੀ-

ਆਵੋ ਆਵੋ, ਸਵੇਰਿਆਂ ਦੇ ਮਾਲਕੋ- 

ਆਵੋ ਆਵੋ, ਮੇਰੇ ਹੱਥ ਚੁੰਮੋ

📝 ਸੋਧ ਲਈ ਭੇਜੋ