ਰੱਬ ਭੇਜਦਾ ਹੈ ਕਿ ਹਰ ਜੀਵ ਨੂੰ
ਲੌਕ ਕੀਤੇ ਦਿਲ ਨਾਲ
ਇਸ ਦਾ ਪਾਸਵਰਡ
ਕਿਸੇ ਇੱਕ ਕੋਲ ਛੱਡ ਦਿੰਦਾ ਹੈ
ਤੇ ਫੇਰ
ਰੱਬ ਇੱਕ ਖੇਡ ਖਿਡਾਉਂਦਾ ਹੈ
ਲੋਕ ਜਿਸ ਨੂੰ ਮੁਹੱਬਤ ਕਹਿੰਦੇ ਹਨ
ਜਿਨ੍ਹਾਂ ਦੇ ਪਾਸਵਰਡ ਲੱਭ ਜਾਂਦੇ ਹਨ
ਉਹ ਮੁਕਤ ਹੋ ਜਾਂਦੇ ਹਨ
ਬਾਕੀ ਭਟਕਦੇ ਹਨ
ਵਾਰ ਵਾਰ ਜਨਮਦੇ ਹਨ
ਆਪਣੇ ਪਾਸਵਰਡ ਲੱਭਣ ਲਈ
ਜਿਸ ਇੱਕ ਕੋਲ
ਤੁਹਾਡਾ ਪਾਸਵਰਡ ਹੁੰਦਾ ਹੈ
ਉਸ ਦੇ ਕਦਮਾਂ ਦੀ ਆਹਟ
ਦੂਰ ਤੋਂ ਸੁਣ ਜਾਂਦੀ ਹੈ।
ਜਿਸਮ ਦੇ ਬ੍ਰਹਿਮੰਡ ਵਿੱਚ ਵਸਦੀਆਂ
ਹਜ਼ਾਰਾਂ ਰੰਗ ਬਰੰਗੀਆਂ ਚਿੜੀਆਂ
ਚਹਿਚਹਾਉਣ ਲੱਗਦੀਆਂ ਹਨ,
ਜਦ ਉਸ ਦੇ ਔਣ ਦੀ ਖਬਰ ਹੁੰਦੀ ਹੈ।
ਉਸ ਦੇ ਆਉਣ ਤੋਂ ਪਹਿਲਾਂ
ਉਸ ਦੀ ਅਦਿੱਖ ਦੇਹ ਤੁਹਾਡੇ ਕੋਲ ਆਉਂਦੀ ਹੈ
ਚਿੜੀਆਂ ਜਿਸ ਨੂੰ ਦੇਖ ਸਕਦੀਆਂ ਹਨ
ਕੋਈ ਇੱਕ
ਤੁਹਾਡੇ ਕੋਲ ਰਹਿੰਦਾ ਹੈ ਹਮੇਸ਼ਾ
ਜਿਵੇਂ ਜਿਸਮ ਵਿੱਚ ਆਤਮਾ ਰਹਿੰਦੀ ਹੈ
ਜਿਵੇਂ ਬੋਲਾਂ ਵਿੱਚ ਮਿਠਾਸ ਰਹਿੰਦੀ ਹੈ
ਜਿਵੇਂ ਅੱਖਾਂ ਵਿੱਚ ਨਮੀ ਰਹਿੰਦੀ ਹੈ
ਇਸ ਇੱਕ ਦੀ ਅਨੋਖੀ ਗਣਿਤ ਹੈ
ਇਸ ਇੱਕ ਨਾਲ ਮਿਲਕੇ ਤੁਸੀਂ ਦੋ ਨਹੀਂ ਹੁੰਦੇ
ਸਿਰਫ ਇੱਕ ਹੁੰਦੇ ਹੋ
ਜਿਵੇਂ ਜ਼ੀਰੋ ਨਾਲ ਜ਼ੀਰੋ ਮਿਲਦੀ ਹੈ
ਜਾਂ ਅਨੰਤ ਨਾਲ ਅਨੰਤ
ਇਹ ਇੱਕ
ਜੋ ਕਦੇ ਗੁਆਚਦਾ ਨਹੀਂ
ਕਦੇ ਛੁੱਟਦਾ ਨਹੀਂ
ਵਸਦਾ ਹੈ ਹਮੇਸ਼ਾ ਲਈ
ਜਿਵੇਂ ਜ਼ਿਹਨ ਵਿੱਚ ਕੋਈ ਯਾਦ ਰਹਿੰਦੀ ਹੈ
ਜਿਵੇਂ ਜਿਸਮ ਅੰਦਰ ਅਰਾਮ ਹੁੰਦਾ ਹੈ
ਜਿਵੇਂ ਗਲੇ ਅੰਦਰ ਹੁੰਦੀ ਹੈ ਮਾਂ ਬੋਲੀ
ਜਿਵੇਂ ਸਾਹਾਂ ਦਾ ਹਲਟ ਗਿੜਦਾ ਹੈ