ਪਾਤਰ ਕੀ ਹੋ ਗਿਆ ਮੇਰੇ ਦਰਿਆਵਾਂ ਨੂੰ

ਪਾਤਰ ਕੀ ਹੋ ਗਿਆ ਮੇਰੇ ਦਰਿਆਵਾਂ ਨੂੰ 

ਕਿਉਂ ਮੁਰਝਾ ਗਏ ਨੇ ਲਾਏ ਗੁਲਾਬ

ਮੈਂ ਤਾਂ ਗਾਉਂਦਾ ਛੱਡ ਕੇ ਗਿਆ ਸੀ

ਕਿਉਂ ਨਹੀਂ ਹੱਸਦਾ ਹੁਣ ਪੰਜਾਬ

ਕਿਉਂ ਪਾਣੀ ਗੰਧਲੇ ਹੋ ਗਏ

ਕਿਉਂ ਹਵਾਵਾਂ ਵਿਚ ਹਵਾੜ

ਕਿਉਂ ਧਰਨੇ ਥਾਂ ਥਾਂ ਰਾਤ ਦਿਨ 

ਕਿਉਂ ਨਹੀਂ ਸੁਣਦਾ ਜੇਠ ਨਾ ਹਾੜ 

ਕਿਉਂ ਨਸ਼ਿਆਂ ਡੁੱਬੀ ਜਵਾਨੀ

ਤੇ ਛੱਡਦੀ ਜਾਵੇ ਸਾਹ

ਕਿਉਂ ਨਹੀਂ ਹੱਥਾਂ ਵਿਚ ਕਲਾਵਾਂ

ਕਿਉਂ ਰੁਲ ਗਏ ਪੈੜਾਂ ਰਾਹ

ਕਿਉਂ ਅਦਾਲਤਾਂ ਹੋਈਆਂ ਅੰਨ੍ਹੀਆਂ

ਕਿਉਂ ਫੈਸਲਿਆਂ ਵਿਚ ਹਨੇਰ 

ਕਿਉਂ ਰਾਤਾਂ ਖਾਂਦੀਆਂ ਸੂਰਜਾਂ 

ਕਦੋਂ ਚੜੇਗੀ ਨਵੀਂ ਸਵੇਰ 

ਕਿੱਥੇ ਮਹਿਫਲਾਂ ਉੱਜੜ ਗਈਆਂ

ਕਿਉਂ ਸੱਖਣੇ ਹੋਏ ਗੁਆਂਢ

ਕਿਉਂ ਪਾਣੀ ਜ਼ਹਿਰਾਂ ਬਣ ਗਏ 

ਕਿਉਂ ਪੌਣਾਂ ਵਿੱਚ ਸੜਾਂਦ

ਕਿਉਂ ਕਾਤਲ ਹੋਈਆਂ ਦੁਪਹਿਰਾਂ

ਕਿਉਂ ਮਿੱਟੀਆਂ ਨੂੰ ਗਸ਼ ਪੈਣ

ਕਿਉਂ ਮਾਂਵਾਂ ਪਿੱਟਣ ਦੁਹੱਥੜੀਂ 

ਕਿਉਂ ਭੈਣਾਂ ਦੇ ਡੂੰਘੇ ਵੈਣ

ਤੈਨੂੰ ਕਿਉਂ ਨਾ ਮਿਰਚਾਂ ਲੱਭੀਆਂ

ਕਿਉਂ ਨਾ ਦਿਸੀ ਹਿੱਕੀਂ ਡੁੱਬੀ ਸੰਗੀਨ

ਤੇਰੇ ਸਾਹਮਣੇ ਛੁਪਣ ਹਥਿਆਰੇ  

ਦਿਸੇ ਖੂਨੀ ਭਿੱਜੀ ਜ਼ਮੀਨ 

ਦੋ ਹਰੇ ਭਰੇ ਜੋ ਲਾਏ ਸਨ 

ਉਹ ਵੀ ਰੁੱਖ ਗਏ ਨੇ ਸੁੱਕ

ਇਹ ਕਿਹੜਾ ਮੌਸਮ ਗਿਆ

ਇਹ ਕਿਹੜੀ ਛਾਈ ਰੁੱਤ

ਫੁੱਲ ਵੀ ਦਿਸਣ ਮੁਰਝਾਏ

ਫ਼ਸਲਾਂ ਵੀ ਹੋਈਆਂ ਬੇਹੋਸ਼

ਦੁਪਹਿਰਾਂ ਖੜ੍ਹੀਆਂ ਕੰਬਦੀਆਂ

ਨਾ ਬੋਲੇ ਕਾਇਨਾਤ ਖਮੋਸ਼ 

ਕਿਉਂ ਮੇਲੇ ਸੁੰਨੇ ਕੂਕਦੇ

ਕਿਉਂ ਬਾਗ਼ ਹੋਏ ਵੈਰਾਨ

ਕਿਉਂ ਬੱਚੇ ਭੁੱਖੇ ਸੌਂਦੇ

ਕਿਉਂ ਲੋਰੀਆਂ ਹੋਈਆਂ ਹੈਰਾਨ

📝 ਸੋਧ ਲਈ ਭੇਜੋ