ਪੱਥਰ ਦੇ ਇਨਸਾਨਾਂ ਦੇ ਵਿਚ ਰਹਿਣੇ ਆਂ ।
ਯਾ ਫਿਰ ਬੰਦ ਮਕਾਨਾਂ ਦੇ ਵਿਚ ਰਹਿਣੇ ਆਂ ।
ਚੁੱਪਾਂ ਦੀ ਆਵਾਜ਼ ਸੁਣਾਈ ਦੇਵੇ ਸਾਫ਼,
ਖ਼ਵਰੇ ਕਬਰਸਤਾਨਾਂ ਦੇ ਵਿਚ ਰਹਿਣੇ ਆਂ ।
ਸੋਨੇ ਚਾਂਦੀ ਨਾਲ ਜੋ ਤੋਲਣ ਕਦਰਾਂ ਨੂੰ,
ਅਸੀਂ ਉਨ੍ਹਾਂ ਨਾਦਾਨਾਂ ਦੇ ਵਿਚ ਰਹਿਣੇ ਆਂ ।
ਅੱਜ ਵੀ ਸੱਸੀਆਂ ਵਿਚ ਥਲਾਂ ਦੇ ਸੜਦੀਆਂ ਨੇ,
ਅੱਜ ਵੀ ਰੇਗਸਤਾਨਾਂ ਦੇ ਵਿਚ ਰਹਿਣੇ ਆਂ ।
ਸੁਣੀਏ ਕਿਸਰਾਂ ਦੁਖੜੇ ਧਰਤੀ ਵਾਲਿਆਂ ਦੇ,
ਅਸੀਂ ਤੇ ਆਪ ਅਸਮਾਨਾਂ ਦੇ ਵਿਚ ਰਹਿਣੇ ਆਂ ।
'ਸ਼ਾਹਿਦ' ਸਾਨੂੰ ਵੇਲਾ ਕਿਸਰਾਂ ਭੁੱਲੇਗਾ,
ਇਹਦੀਆਂ ਸਭ ਸ਼ਰਿਆਨਾਂ ਦੇ ਵਿਚ ਰਹਿਣੇ ਆਂ ।