ਪੱਥਰ ਨੂੰ ਜਦ ਪੱਥਰ ਲੱਗੇ

ਪੱਥਰ ਨੂੰ ਜਦ ਪੱਥਰ ਲੱਗੇ ਸ਼ੋਅਲੇ ਰੋਂਦਾ ਡਿੱਠਾ

ਸੂਲਾਂ ਸਾਮ੍ਹਣੇ ਸੀਨਾ ਤਾਣ ਕੇ ਫੁੱਲ ਖਲੋਂਦਾ ਡਿੱਠਾ

ਕਰਨੀ ਭਰਨੀ ਪੈ ਜਾਂਦੀ ਇਹ ਗੱਲ ਬੜੀ ਪੁਰਾਣੀ ਏ,

ਉਹੋ ਫੁੱਲ ਸਮੇਟੇ ਜਿਹੜਾ ਕੰਡੇ ਬੋਂਦਾ ਡਿੱਠਾ

ਦਿਨ ਚੜ੍ਹਿਆ ਤੇ ਉਥੇ ਜ਼ਰਾ ਵੀ ਗਹਿਮਾ-ਗਹਿਮੀ ਕੋਈ ਨਾ ਸੀ,

ਰਾਤੀਂ ਜੀਹਨਾਂ ਸੜਕਾਂ ਉੱਤੇ ਕੀ ਕੀ ਹੁੰਦਾ ਡਿੱਠਾ

ਨਵੇਂ ਸਾਲ ਨੂੰ ਉਸ ਨੇ ਹੋਰ ਇਕ ਬਿਲਡਿੰਗ ਨਵੀਂ ਉਸਾਰੀ ਏ,

ਹਵਸ-ਪ੍ਰਸਤਾਂ ਅੱਗੇ ਜਿਹੜਾ ਢੋਏ ਢੋਂਦਾ ਡਿੱਠਾ

ਵੰਨ-ਸਵੰਨੇ ਸਾਬਣ ਮਲ ਮਲ ਜਿਸਮ ਨਿਖਾਰੇ ਜਾਂਦੇ ਨੇ,

ਆਪਣੀ ਗੰਦੀ ਰੂਹ ਨੂੰ ਏਥੇ ਕੋਈ ਨਾ ਧੋਂਦਾ ਡਿੱਠਾ

ਪਿਆਰ ਦਾ ਜਜ਼ਬਾ ਅਕਲਾਂ ਦੇ ਮਰ ਜਾਵਣ ਤੇ ਵੀ ਮਰਦਾ ਨਹੀਂ,

ਅੱਜ ਇਕ ਪਾਗਲ ਤਾਈਂ 'ਕਾਸ਼ਰ' ਹਾਰ ਪਰੋਂਦਾ ਡਿੱਠਾ

📝 ਸੋਧ ਲਈ ਭੇਜੋ