ਵਿਚ ਪਾਲੇ ਦੇ ਕੰਬਦੀ ਠਰਦੀ
ਰਾਤ ਦੇ ਜੰਮੇ ਸਰਦ ਕੱਕਰ ਤੇ
ਪੋਲੇ ਪੋਲੇ ਜਹੇ ਕਦਮ ਧਰਦੀ
ਮਾਰ ਕੇ ਡੂਢੀ ਧੁੰਦ ਦੀ ਬੁੱਕਲ
ਹੌਲੀ ਹੌਲੀ ਸਵੇਰ ਆਈ ਹੈ
ਤੱਤੀਆਂ ਹੀ ਨੇ ਅੱਜ ਵੀ ਖ਼ਬਰਾਂ
ਕਿੰਨੇ ਉਦਮੀ ਨੇ ਧਰਤ ਦੇ ਪੁੱਤਰ
ਚੰਦ ਤੇ ਜਾ ਬਨਾਉਣੀਆਂ ਕਬਰਾਂ
ਇਕ ਹਵਾਈ ਜੋ ਰੂਸ ਨੇ ਛੱਡੀ
ਰਾਹੂ ਕੇਤੂ ਨੂੰ ਘੇਰ ਆਈ ਹੈ
ਸੀਤ ਬੁੱਲੇ ਤੋਂ ਅੱਖ ਬਚਾ ਕੇ ਧੁੱਪ ਨੇ
ਆਣ ਕੇ ਅਰਤਲੇ 'ਚ ਦਿਲ ਉੱਤੋਂ
ਖੋਰ ਦਿੱਤੇ ਨੇ ਰਾਤ ਦੇ ਸੁਪਨੇ
ਫੇਰ ਜਾਗੀ ਹੈ ਚੇਤਨਾ ਸੁੱਤੀ
ਫੇਰ ਪੀੜਾਂ ਦੇ ਆ ਗਏ ਢੋਏ
ਸੋਚਦਾ ਹਾਂ ਕਸੂਰ ਕਿਸ ਦਾ ਹੈ
ਰਾਤ ਦੇ ਇਹਨਾਂ ਸਰਦ ਖ਼ੂਨਾਂ ਵਿਚ
ਮੈਨੂੰ ਆਪਣਾ ਵੀ ਹੱਥ ਦਿਸਦਾ ਹੈ
ਸੜਕ ਉੱਤੇ ਜੋ ਰਾਤ ਦੇ ਮੰਗਤੇ
ਵਿਚ ਪਾਲੇ ਦੇ ਠਿਠਰਦੇ ਮੋਏ
ਪੀਲੇ ਬਿਰਛਾਂ ਦੇ ਖੜਕਦੇ ਪੱਤੇ
ਕੇਰੀ ਜਾਂਦੀ ਹੈ ਪੌਣ ਪਛੋਂ ਦੀ
ਹੋਰ ਪੁੰਗਰਨਗੇ ਕੂਲੇ ਕੱਚਰਤੇ
ਚੇਤ ਚੜ੍ਹਦੇ ਹੀ ਰੁੱਤ ਪਰਤੇਗੀ
ਹਰ ਬਿਰਛ ਫਿਰ ਜਵਾਨ ਦਿੱਸੇਗਾ
ਮੇਰੇ ਰੁੱਖੇ ਜਹੇ ਖ਼ਿਆਲਾਂ ਨੂੰ
ਪਾਹ ਨਹੀਂ ਲੱਗਣੀ ਉਮੀਦਾਂ ਦੀ
ਕੀ ਕਹਾਂ ਦਿਲ ਦਿਆਂ ਸੁਆਲਾਂ ਨੂੰ
ਕੀ ਤਰੱਕੀ ਦੇ ਏਸ ਚੱਕਰ ਵਿਚ
ਮੇਰਾ ਅਹਿਸਾਸ ਹੋਰ ਹਿੱਸੇਗਾ।