ਪਤਝੜ ਦੇ ਫੁੱਲਾ ਪੀਲਿਆ
ਕੀ ਹੋਇਆ ਤੇਰਾ ਹਾਲ ਵੇ ?
ਹੋ ਨਿੰਮੋਝੂਣੀ ਡਿਗ ਪਈ
ਕਿਉਂ ਆਸ ਤੇਰੀ ਦੀ ਡਾਲ ਵੇ ?
ਤੇ ਲਾਲੀ ਤੇਰੇ ਸੁਹਾਗ ਦੀ
ਤੁਰ ਗਈ ਕਿਸ ਰਾਹੀ ਨਾਲ ਵੇ ?
ਕੀ ਤੇਰੀ ਜਾਦੂ ਮਹਿਕ ਤੋਂ
ਵੀ ਮਾਹੀ ਗਿਆ ਨ ਕੀਲਿਆ ?
ਕੀ ਤੈਨੂੰ ਕਿਸੇ ਨ ਗੌਲਿਆ ?
ਕਿਸੇ ਸੋਹਣੀ ਸੇਜ ਸੁਹਾਗ ਦੀ
ਤੇ ਵਿਛਿਓਂ ਤੂੰ ਨ ਹੋਲਿਆ ?
ਧਰ ਧਰ ਕੇ ਛਾਬੇ ਹਿੱਕ ਦੇ
ਕੀ ਤੈਨੂੰ ਕਿਸੇ ਨੇ ਤੋਲਿਆ ?
ਕੀ ਤੇਰੇ ਮਹਿੰਦੀ ਹੁਸਨ ਨੂੰ
ਏਸੇ ਹੀ ਚਿੰਤਾ ਪੀ ਲਿਆ ?
ਜਾਂ ਤਕ ਕੰਡਿਆਂ ਦੀ ਵਾੜ ਵੈ
ਤੈਨੂੰ ਨਾ ਡਰ ਕੇ ਤੋੜਿਆ
ਤੈਥੋਂ ਵੀ ਨਾਜ਼ੁਕ ਨਾਰ ਵੇ ?
ਜਾਂ ਸੂਲਾਂ ਤੋਂ ਡਰਦਾ ਰਹਿਓਨ
ਬਣਿਓਂ ਨ ਗਲ ਦਾ ਹਾਰ ਵੇ ?
ਜਾਂ ਤਕ ਕੇ ਸੁਹਣਪ ਛੈਲ ਦਾ,
ਸ਼ਰਮਾਂ ਬੁਲ੍ਹਾਂ ਨੂੰ ਸੀ ਲਿਆ ?
ਕੁਲਾ ਜਿਹਾ ਤੇਰਾ ਸਰੀਰ ਵੇ
ਸੂਲਾਂ ਤੇ ਡਿਗ ਕੇ ਸੋਹਣਿਆਂ
ਹੋਵੀਂ ਨਾ ਲੀਰੋ ਲੀਰ ਵੇ
ਨਾ ਡਿਗ ਧਰਤੀ ਦੀ ਹਿੱਕ ਤੇ
ਹੋਵੇਗੀ ਬਹੁਤੀ ਪੀੜ ਵੇ;
ਮੇਰੇ ਨੈਣਾਂ ਚੋਂ ਹੰਝੂਆ
ਧਰਤੀ ਤੇ ਡਿਗ ਡਿਗ ਕੀ ਲਿਆ ?