ਪੱਥਰ ਦੇ ਘਰ ਵਿੱਚ ਚਿਣੀ

ਪੱਥਰ ਦੇ ਘਰ ਵਿੱਚ ਚਿਣੀ ਕੇ ਖੁਦ ਵੀ ਪੱਥਰ ਹੋਈਆਂ ਨੇ

ਦਹਿਲੀਜ਼ਾਂ ਤਾਂ ਦਹਿਲੀਜ਼ਾਂ ਨੇ, ਨਾ ਹੱਸੀਆਂ ਨਾ ਰੋਈਆਂ ਨੇ

ਕੁਝ ਰੀਝਾਂ ਤਾਂ ਮੇਰੇ ਮਨ ਵਿਚ ਅਣਦਫ਼ਨਾਈਆਂ ਪਈਆਂ ਨੇ 

ਕਿਹੜੇ ਵੇਲੇ ਮਰ ਗਈਆਂ, ਕੁਝ ਸਾਰ ਨਾ ਦਿੱਤੀ ਮੋਈਆਂ ਨੇ।

ਮੇਰੇ ਹੰਝੂ ਜੋ ਦਸਦੇ ਨੇ ਇਹ ਪੀੜਾਂ ਕੀ ਪੀੜਾਂ ਨੇ  ?

ਮਾਰੂ ਪੀੜਾਂ ਤਾਂ ਮੈਂ ਅਪਣੇ ਹਾਸੇ ਵਿੱਚ ਲੁਕੋਈਆਂ ਨੇ

ਕਦੇ ਕਦਾਈਂ ਉਹਨਾ ਨੂੰ ਦਰਸ ਦਿਖਾ ਕੇ ਆਇਆ ਕਰ 

ਜਿੰਨ੍ਹਾਂ ਤੇਰੀ ਖਾਤਰ ਹੰਝੂਆਂ ਨਾਲ ਬਰੂਹਾਂ ਧੋਈਆਂ ਨੇ।

ਮਨ ਸਾਧਾ, ਦਸਤਕ ਦੇਈਏ ਹੋਰ ਕਿਸੇ ਦਰਵਾਜ਼ੇ ਤੇ 

ਇਕ ਬੂਹਾ ਜੇ ਸਜਣਾ ਢੋਇਆ, ਹੋਰ ਹਜ਼ਾਰਾਂ ਢੋਈਆਂ ਨੇ

ਖਬਰੇ ਕਿਤੇ ਗੁਆਚੀ  ਹੋਈ  ਚਾਨਣ  ਦੀ  ਛਿੱਟ  ਮਿਲ  ਜਾਵੇ 

'ਕੇਸ਼ੀ' ਨੇ ਇਸ ਆਸ ਸਿਰ ਤੇ ਬਹੁਤ ਕਾਲਖਾਂ ਢੋਈਆਂ ਨੇ

📝 ਸੋਧ ਲਈ ਭੇਜੋ