ਪੱਥਰ ਯੁੱਗ 'ਚੋਂ ਬਾਹਰ ਆਏ

ਪੱਥਰ ਯੁੱਗ 'ਚੋਂ ਬਾਹਰ ਆਏ ਇਹ ਸਾਡਾ ਹਾਸਿਲ ਵੀ ਹੈ 

ਪੱਥਰਾਂ ਦੀ ਪੂਜਾ ਵਿਚ ਉਲਝੇ ਇਹ ਸਾਡੀ ਮੁਸ਼ਕਿਲ ਵੀ ਹੈ ਵੀ

ਘੁੰਮਣ ਘੇਰੀ ਵੱਲ ਹੀ ਜਾਣਾ ਸੌਕ ਜਾਪਦੈ ਕਿਸ਼ਤੀ ਦਾ 

ਜਾਂ ਫਿਰ ਉਸ ਨੂੰ ਪਤਾ ਨਹੀਂ ਕਿ ਦਰਿਆ ਦਾ ਸਾਹਿਲ ਵੀ ਹੈ

ਸਾਡਾ ਦਿਲ ਹੈ ਲੋਹੇ ਵਰਗਾ, ਐਪਰ ਗੱਲ ਹਲਾਤਾਂ ਦੀ 

ਪਾਰੇ ਵਾਂਗੂ ਥਰਕ ਉਠਦੈ ਏਨਾ ਕੁ ਚੰਚਲ ਵੀ ਹੈ

ਅੰਬਰ ਨੂੰ ਗਾਹੁਣਾ ਤੇ ਉਸ 'ਚੋਂ, ਨਵੇਂ ਸਿਤਾਰੇ ਲੱਭ ਲੈਣੇ 

ਇਹ ਤਾਂ ਸਾਡਾ ਸ਼ੌਕ ਹੈ ਭਾਵੇਂ ਇਹਦੇ ਵਿਚ ਖੇਚਲ ਵੀ ਹੈ

ਪੀੜ੍ਹੀ ਦਰ ਪੀੜ੍ਹੀ ਦੇ ਨ੍ਹੇਰੇ ਨੂੰ, ਉਹ ਗਲੋਂ ਨਹੀਂ ਲਾਹੁੰਦਾ 

ਉਂਜ ਉਹ ਰੋਸ਼ਨੀਆਂ ਦੀ ਕੀਮਤ ਦਾ, ਅੰਦਰੋਂ ਕਾਇਲ ਵੀ ਹੈ।

ਏਸ ਝੀਲ ਦੇ ਉਤਲੇ ਪਾਣੀ ਕੋਮਲ ਬੜੇ ਅਡੋਲ ਦਿਸਣ 

ਐਪਰ ਇਸਦੇ ਨਿਚਲੇ ਤਲ ਵਿਚ ਕੁਝ ਨਾ ਕੁਝ ਹਲਚਲ ਵੀ ਹੈ।

📝 ਸੋਧ ਲਈ ਭੇਜੋ