ਪੌਣ ਜਦੋਂ ਵੀ ਵਗੇ ਕੁਪੱਤੀ ਤੇ ਜਦ ਮੈਂ ਹਉਕਾ ਲੈਂਦਾ ਹਾਂ।
ਆਪਣੀ ਧੀ ਨੂੰ ਗੋਦੀ ਚੁੱਕਦਾਂ ਸੀਨੇ ਨਾਲ਼ ਲਗਾ ਲੈਂਦਾ ਹਾਂ।
ਜਦ-ਜਦ ਮੇਰੇ ਅੰਦਰ ਦੰਗਾਕਾਰੀ ਦਿਸਣ ਸਲਾਹਾਂ ਕਰਦੇ,
ਵਕਤ ਗੁਆਏ ਬਿਨ ਹੀ ਫਿਰ ਮੈਂ ਨਾਨਕ, ਬੁੱਧ ਧਿਆ ਲੈਂਦਾ ਹਾਂ।
ਮੇਰੀ ਮਾਂ ਨੂੰ ਮੇਰੇ ਦੁੱਖ ਦੀ ਭੋਰਾ ਭਿਣਕ ਪਵੇ ਨਾ, ਤਾਂ ਹੀ,
ਪੁੱਛਦੀ ਹੈ ਜਦ ਹਾਲ ਤਾਂ ਬੁੱਲ੍ਹੀ ਕੋਈ ਗੀਤ ਛੁਹਾ ਲੈਂਦਾ ਹਾਂ।
ਮੇਰੇ ਮਨ ਦਾ ਗੰਧਲ਼ਾ ਪਾਣੀ ਖੌਰੇ ਕਦੋਂ ਪਵਿੱਤਰ ਹੋਣਾ,
ਬੱਚਿਆਂ ਨੂੰ ਜਦ ਸਬਕ ਪੜ੍ਹਾਉਂਨਾਂ ਆਪਣੇ ਐਬ ਛੁਪਾ ਲੈਂਦਾ ਹਾਂ।
ਰਾਤ ਬਰਾਤੇ ਜਦ ਵੀ ਨੀਂਦਰ ਸਾਥ ਦੇਣ ਤੋਂ ਮੁਨਕਰ ਹੋਵੇ,
ਦਿਲ ਦਾ ਚਿੱਤ ਲੁਆਵਣ ਖ਼ਾਤਿਰ ਸੁੱਤੀ ਪੀੜ ਜਗਾ ਲੈਂਦਾ ਹਾਂ।